Monday, March 25, 2013

ਏਕ ਬਾਰ ਇਸ ਰਾਹ ਪੈ ਮਰਨਾ ਸੋ ਜਨਮੋੰ ਕੇ ਸਮਾਨ ਹੈ....

ਦੇਖ ਕੇ ਵੀਰੋਂ ਕੀ ਕੁਰਬਾਨੀ ਅਪਨਾ ਦਿਲ ਭੀ ਡੋਲਾ
ਤੇਜਾ ਸਿੰਘ ਸੁਤੰਤਰ ਮੈਮੋਰੀਅਲ ਕਮੇਟੀ ਵੱਲੋਂ ਯਾਦ ਕਰਾਏ ਗਏ ਸ਼ਹੀਦਾਂ ਦੇ ਸੁਪਨੇ 
ਸ਼ਹੀਦੀ ਦਿਨ ਤੇ ਫਿਰ ਨਜਰ ਆਇਆ ਇੰਨਕ਼ਲਾਬੀ ਜੋਸ਼ ਅਤੇ ਉਤਸ਼ਾਹ 
ਸ਼ਹੀਦਾਂ ਦੇ ਵਿਚਾਰਾਂ ਅਤੇ ਸੁਪਨਿਆਂ ਨੂੰ ਬਾਰ ਬਾਰ ਧੁੰਦਲਾ ਕਰਨ ਦੀਆਂ ਅਨਗਿਣਤ ਨਾਪਾਕ ਸਾਜਿਸ਼ਾਂ ਬਾਵਜੂਦ ਸ਼ਹੀਦਾਂ ਦੇ ਵਿਚਾਰ ਲੋਕਾਂ ਦੇ ਦਿਲਾਂ ਵਿੱਚ ਲਗਾਤਾਰ ਘਰ ਕਰ ਰਹੇ ਹਨ। ਬਜੁਰਗ ਪੀੜ੍ਹੀ ਦੇ ਨਾਲ ਨਾਲ ਬੱਚੇ ਵੀ ਸ਼ਹੀਦਾਂ ਦੇ ਵਿਚਾਰਾਂ ਨੂੰ  ਡੂੰਘਾਈ ਤੱਕ ਸਮਝਣ ਲਈ ਉਤਸੁਕ ਹਨ। ਇਹ ਗੱਲ ਨਜਰ ਆਈ ਰਿਸ਼ੀ ਨਗਰ ਦੇ ਵਾਈ ਬਲਾਕ 'ਚ ਪੈਂਦੀ ਚਾਂਦ ਕਲੋਨੀ ਦੇ ਇੱਕ ਸਮਾਗਮ ਵਿੱਚ। ਜਿਥੇ ਬੱਚੇ ਵੀ ਸਨ, ਬਜੁਰਗ ਵੀ ਅਤੇ ਜੁਆਨ ਵੀ। ਕਲਾ ਦੇਪ੍ਰੋਗਰਾਮ ਰੰਗਾਰੰਗ ਸਨ ਪਰ ਸੁਨੇਹਾ ਸ਼ਹੀਦਾਂ ਦੇ ਸੁਪਨਿਆਂ ਵਾਲਾ ਹੀ ਸੀ।  ਸਟੇਜ  ਦੀ ਹਰ ਆਈਟਮ ਦੇਸ਼ ਅਤੇ ਸਮਾਜ ਦੀ ਨਿਘਰ ਰਹੀ ਹਾਲਤ ਬਾਰੇ ਵੀ ਪਤਾ ਦੇਂਦੀ ਸੀ ਅਤੇ ਬਚਪਨ ਦੇ ਗੁਆਚ ਰਹੇ ਸੁਪਨਿਆਂ ਬਾਰੇ ਵੀ ਜ਼ਿਕਰ ਕਰਦੀ ਸੀ। ਇੰਝ ਲੱਗਦਾ ਸੀ ਜਿਵੇਂ ਸ਼ਹੀਦਾਂ ਦੀਆਂ ਅੰਤਰ ਆਤਮਾਵਾਂ ਇੱਕ ਵਾਰ ਫਿਰ ਆਪਣੇ ਵਿਚਾਰਾਂ ਦਾ ਰੰਗ ਗੂਹੜਾ ਕਰ ਰਹੀਆਂ ਸਨ ਅਤੇ ਸਾਬਿਤ ਕਰ ਰਹੀਆਂ ਸਨ ਕਿ ਏਕ ਬਾਰ ਇਸ ਰਾਹ ਪੈ ਮਰਨਾ ਸੋ ਜਨਮੋੰ ਕੇ ਸਮਾਨ ਹੈ। ਇਸ ਤਰ੍ਹਾ ਜਾਪਦਾ ਸੀ ਜਿਵੇਂ ਕੁਰਸੀਆਂ ਤੇ ਬੈਠੇ ਸਰੋਤੇ--ਖਾਸ ਕਰ ਬੱਚੇ ਇਸਦਾ ਹੁੰਗਾਰਾ ਭਰਦੀਆਂ ਆਖ ਰਹੇ ਸਨ---ਦੇਖ ਕੇ ਵੀਰੋਂ ਕੀ ਕੁਰਬਾਨੀ ਅਪਨਾ ਦਿਲ ਭੀ ਡੋਲਾ--ਮੇਰਾ ਰੰਗ ਦੇ ਬਸੰਤੀ ਚੋਲਾ--
ਕਾਬਿਲੇ ਜ਼ਿਕਰ ਹੈ ਕਿ ਇਸ ਵਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਸਮਾਗਮ ਪਹਿਲਾਂ ਨਾਲੋਂ ਕੁਝ ਜਿਆਦਾ ਗਿਣਤੀ ਵਿੱਚ ਅਤੇ ਵਧੇਰੇ ਜੋਸ਼ੋ ਖਰੋਸ਼ ਨਾਲ ਹੋਏ। ਇਸੇ ਤਰਾਂ ਦਾ ਇੱਕ ਸਮਾਗਮ ਰਿਸ਼ੀ ਨਗਰ ਨੇੜੇ ਪੈਂਦੀ ਚਾਂਦ ਕਲੋਨੀ ਵਿੱਚ ਵੀ ਹੋਇਆ। ਇਹ ਪ੍ਰੋਗਰਾਮ ਆਯੋਜਿਤ ਕੀਤਾ ਸੀ ਸਾਥੀ ਤੇਜਾ ਸਿੰਘ ਸੁਤੰਤਰ ਮੁਹੱਲਾ ਸੁਧਾਰ ਕਮੇਟੀ ਨੇ। ਲੀਡਰ ਏਸ ਪ੍ਰੋਗਰਾਮ ਵਿੱਚ ਵੀ ਪੁੱਜੇ ਹੋਏ ਸਨ ਪਰ ਮਹਿਮਾਨਾਂ ਅਤੇ ਮੇਜ਼ਬਾਨਾਂ ਦੋਹਾਂ ਦਾ ਹੀ ਸਾਰਾ ਧਿਆਨ ਜਾਂ ਤਾਂ ਸ਼ਹੀਦਾਂ ਦੇ ਸੁਪਨਿਆਂ ਵੱਲ ਸੀ ਤੇ ਜਾਂ ਫਿਰ  ਉਹਨਾਂ  ਬੱਚਿਆਂ ਵੱਲ ਜਿਹਨਾਂ ਕਲ੍ਹ ਦਾ ਭਵਿੱਖ ਸਿਰਜਨਾ ਸੀ। ਇਸ ਲਈ ਨਾ ਤਾਂ ਲੀਡਰਾਂ ਦਾ ਧਿਆਨ ਆਓ ਭਗਤ ਵੱਲ ਸੀ ਅਤੇ ਨਾ ਹੀ ਲੋਕਾਂ ਜਾਨ ਪ੍ਰਬੰਧਕਾਂ ਦਾ ਧਿਆਨ ਕਿਸੇ ਦੇ ਉਚੇਚੇ ਸਵਾਗਤ ਵੱਲ। ਬਸ ਇੱਕੋ ਰਸਮ ਸੀ ਸਹੀਦ ਦੀ ਤਸਵੀਰ ਤੇ ਫੁੱਲ ਚੜ੍ਹਾਓ ਅਤੇ ਜਿਥੇ ਸੀਟ ਮਿਲੇ ਬੈਠ ਜਾਓ। ਚਾਹ ਪਾਣੀ ਹਰ ਕਿਸੇ ਕੋਲ ਹਰ ਕਿਸੇ ਦੀ ਸੀਟ ਤੇ ਪੁੱਜ ਰਿਹਾ ਸੀ। ਨਾ ਕੋਈ ਆਪਾ ਧਾਪੀ ਨਾ ਹੀ ਕੋਈ ਧੱਕਾ ਮੁੱਕੀ। ਲੋਕਾਂ ਵੱਲੋਂ ਲੋਕਾਂ ਲਈ ਹੋਏ ਇਸ ਪ੍ਰੋਗਰਾਮ ਵਿੱਚ ਸਾਰੇ ਹੀ ਬੜੇ ਸਹਿਜ ਨਾਲ ਬੈਠੇ ਸਨ---ਬੜੀ ਹੀ ਅਪਣਤ ਨਾਲ ਜਿਵੇਂ ਕੋਈ ਆਪਣੇ ਘਰ ਬੈਠਦਾ ਹੈ। ਵੱਖ ਵੱਖ ਸਕੂਲਾਂ ਦੀਆਂ ਟੀਮਾਂ ਦੇ ਬੱਚੇ ਆਪਣਾ ਨਾਮ ਸੁਣਦਿਆਂ ਸਾਰ ਹੀ ਸਟੇਜ ਤੇ ਪੁੱਜਦੇ ਤੇ ਆਪੋ ਆਪਣੀ ਪਰਫਾਰਮੈਂਸ ਦੇ ਕੇ ਬੜੇ ਹੀ ਅਨੁਸ਼ਾਸਨ ਨਾਲ ਆਪਣੀ ਸੀਟ ਤੇ ਪਰਤ ਆਉਂਦੇ। ਦਿਨ ਢਲ ਗਿਆ---ਧੁੱਪ ਚਲੀ ਗਈ---ਹਨੇਰਾ ਹੋ ਗਿਆ---ਆਖਿਰ ਬੱਤੀ ਵੀ ਚਲੀ ਗਈ--ਪਰ ਇਸ ਅਨੁਸ਼ਾਸਨ ਵਿੱਚ ਕੋਈ ਵਿਘਨ ਪੈਂਦਾ ਨਜ਼ਰੀਂ ਨਹੀਂ ਪਿਆ। ਇਸ ਸਮਾਗਮ ਵਿੱਚ  ਪੁੱਜੇ ਲੀਡਰ ਵੀ ਲੋਕਾਂ ਨਾਲ ਜੁੜੇ ਹੋਏ ਸਨ।   ਵੱਖ ਵੱਖ ਅਹੁਦਿਆਂ ਤੇ ਰਹਿ ਕੇ ਲੋਕਾਂ ਵਾਲੇ ਦੇ ਦਿਲਾਂ ਵਿੱਚ ਆਪਣੀ ਪੱਕੀ ਥਾਂ ਬਣਾਉਣ ਵਾਲੇ ਹਰੀਸ਼ ਰਾਏ ਢਾਂਡਾ, ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਕੱਤਰ ਡਾਕਟਰ ਅਰੁਣ ਮਿੱਤਰਾ, ਇਸਤਰੀ ਸਭਾ ਦੀ ਚੁੰਭਕੀ ਸ਼ਖਸੀਅਤ  ਕੁਸੁਮ ਲਤਾ, ਇਲਾਕਾ ਕੋਂਸਲਰ ਬਲਕਾਰ ਸਿੰਘ ਸੰਧੂ ਅਤੇ ਕਈ ਹੋਰ ਆਗੂ ਵੀ ਸ਼ਾਮਿਲ ਸਨ। 
ਰਾਜਨੀਤੀ ਹੋਵੇ ਜਾਂ ਮੀਡੀਆ..ਸਭਦੀ ਖਬਰ ਲੈਣ ਵਾਲੇ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਗੁਰਦਵਾਰੇ ਜਾਓ ਜਾਂ ਮੰਦਰ--ਭਜਨ ਕੀਰਤਨ ਦੇ ਰੱਟੇ ਲਾਉਣ ਨਾਲ ਕੁਝ ਨਹੀਂ ਬਣਨਾ ਅਤੇ ਇਹਨਾਂ ਥਾਵਾਂ ਤੇ ਰੱਟੇ ਹੀ ਲਵਾਏ ਜਾਂਦੇ ਹਨ।  ਉਹਨਾਂ ਸਪਸ਼ਟ ਕੀਤਾ ਕਿ ਭਜਨ ਕੀਰਤਨ ਦੀਆਂ ਤੁਕਾਂ ਨੂੰ ਜਿੰਦਗੀ ਦੇ ਅਮਲੀ ਤਜਰਬੇ ਵਿੱਚ ਉਤਾਰਿਆਂ ਹੀ ਗੱਲ ਬਣਦੀ ਹੈ ਵਰਨਾ ਅਜਿਹੇ ਰੱਟਿਆ ਨਾਲ  ਕੌਮ ਅਜਿਹੀ ਸੁੱਤੀ ਹੈ ਜਿਵੇਂ ਅਫੀਮ ਖਾ ਕੇ ਸੁੱਤੀ ਹੋਵੇ। ਇਸੇ ਤਰ੍ਹਾਂ ਕਾਮਰੇਡ ਰਣਧੀਰ ਸਿੰਘ ਨੇ ਕਿਹਾ ਕਿ ਜਿਹੜੀਆਂ ਕਿਤਾਬਾਂ ਅੱਜ ਇਨਾਮ ਵੱਜੋਂ ਇਥੇ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਸਾਰੇ ਬੱਚੇ ਘਰ ਜਾ ਕੇ ਪੜ੍ਹਨ ਜਰੂਰ ਕਿਤੇ ਧੂਫ ਦੇਣ ਲਈ ਨਾ ਰੱਖ ਦੇਣ।  
ਤਕਰੀਰ ਸ਼ੁਰੂ ਕਰਦਿਆਂ ਹੀ ਲੋਕਾਂ ਦੇ ਦਿਲਾਂ ਵਿੱਚ ਉਤਰ ਜਾਣ ਵਾਲੀ ਲੀਡਰ ਕੁਸੁਮ ਲਤਾ ਨੇ ਵਿਗਿਆਨ, ਇਤਿਹਾਸ ਅਤੇ ਮਿਥਿਹਾਸ ਦੇ ਹਵਾਲੇ ਦੇ ਕੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ। ਸੀਤਾ ਮਾਤਾ, ਦਰੋਪਦੀ ਅਤੇ ਦੁਰਗਾ ਭਾਬੀ ਤੋਂ ਲੈ ਕੇ ਕਿਰਨ ਬੇਦੀ, ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮ ਤੱਕ ਦਾ ਜ਼ਿਕਰ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਨਾਲ ਕੀਤਾ।
ਅਖੀਰ ਵਿੱਚ ਡਾਕਟਰ ਅਰੁਣ ਮਿੱਤਰਾ ਦੀ ਟੀਮ ਨੇ ਭਾਈ ਮਨ੍ਨਾ ਸਿੰਘ ਦੇ ਡਰਾਮੇ ਨੂੰ ਵੀਡੀਓ ਤੇ ਦਿਖਾਕੇ ਅੱਜ ਦੇ ਲੋਕ ਵਿਰੋਧੀ ਨਿਜ਼ਾਮ ਦਾ ਖੋਖਲਾਪਨ ਬਹੁਤ ਹਲੂਣਵੇਂ ਢੰਗ ਨਾਲ ਦਿਖਾਇਆ। ਇੰਝ ਲੱਗਦਾ ਸੀ ਜਿਵੇਂ ਭਾਈ ਮਨ੍ਨਾ ਸਿੰਘ ਅਰਥਾਤ ਗੁਰਸ਼ਰਨ ਭਾ ਜੀ ਖੁਦ ਹੀ ਸਟੇਜ ਆ ਗਏ ਹੋਣ। 
ਸਟੇਜ ਤੇ ਸ਼ਹੀਦਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਵਾਲੀਆਂ ਤਕਰੀਰਾਂ ਅਤੇ ਸਭਿਚਾਰਕ ਆਈਟਮਾਂ ਹੋਈਆਂ। ਜੇਤੂ ਬੱਚਿਆਂ ਨੂੰ ਕਿਤਾਬਾਂ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੀਆਂ ਸ਼ੀਲਡਾਂ ਨਾਲ  ਸਨਮਾਨਿਤ ਕੀਤਾ ਗਿਆ। ਹਰੀਸ਼ ਰਾਏ ਢਾਂਡਾ ਅਤੇ ਬਲਕਾਰ ਸਿੰਘ ਹੁਰਾਂ ਇਲਾਕਾ ਨਿਵਾਸਿਆਂ ਦੀਆਂ ਮੰਗਾਂ ਨੂੰ ਛੇਤੀ ਤੋਂ ਛੇਤੀ ਪੂਰੀਆਂ ਕਰਨ ਦਾ ਵਾਅਦਾ ਵੀ ਕੀਤਾ। ਮੰਚ ਸੰਚਾਲਨ ਕਾਮਰੇਡ ਰਣਧੀਰ ਸਿੰਘ ਨੇ ਆਪਣੇ ਜਾਣੇ ਪਛਾਣੇ ਕਾਮਰੇਡੀ ਅੰਦਾਜ਼ ਨਾਲ ਕੀਤਾ।ਇਸ ਮੌਕੇ ਕਾਮਰੇਡ ਗੁਰਨਾਮ ਸਿੰਘ ਸਿਧੂ, ਬਿਜਲੀ ਬੋਰਡ ਦੇ ਇੰਜੀਨੀਅਰ ਪਰਮਿੰਦਰ ਸਿੰਘ, ਇੰਜੀਨੀਅਰ ਦਲਜੀਤ ਸਿੰਘ, ਕਾਮਰੇਡ ਦੀ ਪੀ ਮੌੜ ਅਤੇ ਕਈ ਹੋਰ ਆਗੂ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਔਰਤਾਂ ਇਸ ਸਮਾਗਮ ਵਿੱਚ ਸ਼ਾਇਦ ਮਰਦਾਂ ਨਾਲੋਂ ਕੀਤੇ ਜਿਆਦਾ ਸਨ। --ਰੈਕਟਰ ਕਥੂਰੀਆ 

Friday, February 1, 2013

ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ

ਇੱਕ ਯਾਦਗਾਰੀ ਪੰਜਾਬੀ ਗੀਤ: ਨਾਲੇ ਲੰਮੀ ਤੇ ਨਾਲੇ ਕਾਲੀ 

ਅਨੁਰਾਧਾ ਪੋਡਵਾਲ ਦੀ ਆਵਾਜ਼ ਦਾ ਜਾਦੂ

 Tribute Songs ਛੋੜ ਦੇ ਸਾਰੀ ਦੁਨੀਆ ਕਿਸੀ ਕੇ ਲਿਏ


ਪਾਮੇਲਾ ਸਿੰਘ ਦੀ ਸੁਰੀਲੀ ਆਵਾਜ਼ ਵਿਚਲਾ ਦਰਦ

ਖ੍ਵਾਬ ਸਭ ਪੂਰੇ ਤੁਮ੍ਹਾਰੀ ਜਿੰਦਗੀ ਕੇ ਹੋ ਗਏ 
ਹਮ ਕਿਸੀ ਕੇ  ਹੋਂ ਨ ਹੋਂ ਤੁਮ ਤੋ ਕਿਸੀ ਕੇ ਹੋ ਗਏ 

Saturday, November 17, 2012

ਬਿੰਦਰੱਖੀਆ ਤੇਰੇ ਬਾਝੋਂ//ਸ਼ਮਸ਼ੇਰ ਸੰਧੂ

ਮਸੀਂ 25-30 ਮਿੰਟਾਂ 'ਚ ਰਿਕਾਰਡ ਹੋਇਆ ਸੀ ..."ਤੇਰਾ ਯਾਰ ਬੋਲਦਾ"
Posted On November-17-2012
ਹਰ ਸਾਲ ਜਦੋਂ ਸਤਾਰਾਂ ਨਵੰਬਰ ਦੀ ਸਵੇਰ ਚਡ਼੍ਹਦੀ ਹੈ ਤਾਂ ਦਿਲ ਦਿਮਾਗ਼ ਮਸੋਸਿਆ ਜਿਹਾ ਜਾਂਦਾ ਹੈ। ਉਹਦੇ ਨਾਲ ਬਿਤਾਏ ਸਾਲ, ਮਹੀਨੇ, ਹਫ਼ਤੇ ਅਤੇ ਪਲ ਕਿਸੇ ਫ਼ਿਲਮ ਦੇ ਦ੍ਰਿਸ਼ਾਂ ਵਾਂਗ ਅੱਖਾਂ ਅੱਗੇ ਘੁੰਮਦੇ ਨੇ। ਕਿਧਰੇ ਉਹ ਗਾਉਂਦਾ ਦਿਖਾਈ ਦਿੰਦਾ, ਕਿਧਰੇ ਮੇਲਿਆਂ ਨੂੰ ਜਾਂਦਾ, ਕਿਧਰੇ ਪੱਗ ਬੰਨ੍ਹਦਾ, ਕਿਧਰੇ ਵਿਦੇਸ਼ੀ ਸਟੇਜਾਂ ’ਤੇ ਭੰਗਡ਼ੇ ਪਾਉਂਦਾ ਤੇ ਕਿਧਰੇ ਹੇਕ ਲਾਉਂਦਾ। ਸੁਰਜੀਤ ਬਿੰਦਰੱਖੀਆ ਭਰਿਆ ਮੇਲਾ ਛੱਡਾ ਗਿਆ। ਅਜੇ ਉਹ ਗਾਇਕੀ ਦੇ ਮੈਦਾਨ ’ਚ ਹੋਰ ਬਹੁਤ ਕੁਝ ਕਰ ਸਕਦਾ ਸੀ। ਤਦੇ ਇਹ ਸ਼ੇਅਰ ਰਹਿ-ਰਹਿ ਕੇ ਚੇਤੇ ਆਉਂਦਾ:
ਬਡ਼ੇ ਸ਼ੌਕ ਸੇ ਸੁਨ ਰਿਹਾ ਥਾ ਜ਼ਮਾਨਾ
ਹਮੀਂ ਸੋ ਗਏ ਦਾਸਤਾਂ ਕਹਿਤੇ-ਕਹਿਤੇ

ਬਿੰਦਰੱਖੀਆ ਦਾ ਬਾਪ ਪਹਿਲਵਾਨੀ ਦੇ ਖੇਤਰ ਦਾ ਚੈਂਪੀਅਨ ਸੀ ਅਤੇ ਗਾਇਕੀ ਦੇ ਪਿਡ਼ ਵਿੱਚ ਪੁੱਤ ਵੀ ਚੈਂਪੀਅਨ ਹੋ ਨਿੱਬਡ਼ਿਆ। ਜਿਹਡ਼ੀ ਕੈਸੇਟ ਆਉਣੀ, ਉਹੋ ਹਿੱਟ। ਹਿੱਟ-ਹਿੱਟ ਦੀ ਲਿਸਟ ਇੰਨੀ ਲੰਮੀ ਹੋ ਗਈ ਕਿ ਜਿਹਡ਼ੀਆਂ 31-32 ਕੈਸੇਟਾਂ ਆਈਆਂ ਤੇ ਸਾਰੀਆਂ ਹੀ ਹਿੱਟ। ਕਿਸੇ ਕੈਸੇਟ ਦੇ ਛੇ ਗੀਤਾਂ ਨੇ ਝੰਡੇ ਗੱਡ ਦੇਣੇ, ਕਿਸੇ ਕੈਸੇਟ ਦੇ ਦੋ ਗੀਤਾਂ ਨੇ ਅਤੇ ਕਿਸੇ ਸੀ.ਡੀ. ਦੇ ਚਾਰ ਗੀਤਾਂ ਨੇ। ‘ਐਥੇ ਮੇਰੀ ਨੱਥ ਡਿੱਗ ਪਈ’ ਤੋਂ ਲੈ ਕੇ ‘ਕੱਲ੍ਹ ਤੱਕ ਨਹੀਂ ਰਹਿਣਾ’ ਦਾ ਲੰਮਾ ਸਫ਼ਰ ਸਭ ਦੇ ਸਾਹਮਣੇ ਹੈ।
ਇਹ ਵੀ ਇਤਫ਼ਾਕ ਹੀ ਸੀ ਜਾਂ ਕੁਝ ਹੋਰ ਕਿ ‘ਦਪੁੱਟਾ ਤੇਰਾ ਸੱਤ ਰੰਗ ਦਾ’ ਅਤੇ ‘ਯਾਰ ਬੋਲਦਾ’ ਗੀਤ ਮਿੰਟਾਂ-ਸਕਿੰਟਾਂ ਵਿੱਚ ਰਿਕਾਰਡ ਹੋਏ। ਇਨ੍ਹਾਂ ਦੋ ਗੀਤਾਂ ’ਤੇ ਘੱਟ ਮਿਹਨਤੀ ਕੀਤੀ ਜਾਂ ਸਮਝੋ ਮਿਹਨਤ ਕਰਨੀ ਹੀ ਨਹੀਂ ਪਈ।
ਬਸ ਮਿੰਟਾਂ ਵਿੱਚ ਹੀ ਅਤੁਲ ਸ਼ਰਮਾ ਦੇ ਸਾਜ਼ਿੰਦਿਆਂ ਲਵਲੀ, ਬਿੰਟਾ, ਜੋਗੀ, ਹਰਪਾਲ, ਉਜਾਗਰ ਨੇ ਸਾਜ਼ ਵਜਾਏ ਅਤੇ ਉਧਰ ਮਾਈਕ ’ਤੇ ਬਿੰਦਰੱਖੀਏ ਨੇ ਖਿੱਚ ਕੇ ਗਾਇਆ। ਮਸੀਂ 25 ਕੁ ਮਿੰਟਾਂ ਵਿੱਚ ਗੀਤ ਡੱਬ ਹੋ ਗਿਆ। ਸਭ ਨੂੰ ਪਤਾ ਹੀ ਹੈ ਕਿ ਇਹ ਗੀਤ ਫੇਰ ਪੰਜਾਬੀ ਗਾਇਕੀ ’ਚ ਵੱਡਾ ਮੀਲ ਪੱਥਰ ਸਾਬਤ ਹੋਏ। ਏਸੇ ਤਰ੍ਹਾਂ ਜਰਨੈਲ ਘੁਮਾਣ ਦੇ ਸੁਰ ਸੰਗਮ ਸਟੂਡਿਓ ਵਿੱਚ ‘ਤੇਰਾ ਯਾਰ ਬੋਲਦਾ’ ਗੀਤ ਮਸੀਂ 25-30 ਮਿੰਟਾਂ ਵਿੱਚ ਬਿੰਦਰੱਖੀਏ ਨੇ ਗਾ ਕੇ ਇਤਿਹਾਸ ਸਿਰਜ ਦਿੱਤਾ। ਇਸ ਗੀਤ ਦਾ ਡੰਮੀ ਸੰਗੀਤ ਤੇ ਆਵਾਜ਼ ਅਤੁਲ ਸ਼ਰਮਾ ਤੇ ਮੈਂ ਪਹਿਲਾਂ ਹੀ ਤਿਆਰ ਕਰ ਚੁੱਕੇ ਸੀ।
ਜੀਹਦੇ ਹੇਠ ਘੋਡ਼ਾ ਮੋਢੇ ’ਤੇ ਦੁਨਾਲੀ ਨੀਂ,
ਪੱਗ ਬੰਨ੍ਹਦਾ ਜਿਊਣੇ ਮੌਡ਼ ਵਾਲੇ ਨੀਂ,

…ਤੇਰੇ ’ਚ ਤੇਰਾ ਯਾਰ ਬੋਲਦਾ।
ਕਿਹਡ਼ੀ ਕਿਹਡ਼ੀ ਗੱਲ ਸਾਂਝੀ ਕਰਾਂ। ਸੰਨ੍ਹ 1996 ਵਿੱਚ ਅਸੀਂ ਕੈਨੇਡਾ ਦੇ 8 ਸ਼ਹਿਰਾਂ, ਅਮਰੀਕਾ ਦੇ 8 ਸ਼ਹਿਰਾਂ ਅਤੇ ਇੰਗਲੈਂਡ ਦੇ 4 ਸ਼ਹਿਰਾਂ ’ਚ ਸਟੇਜ ਸ਼ੋਅ ਕੀਤੇ। ਇੱਕ ਸ਼ਹਿਰ ਜਾਂ ਲਾਂਸ ਏਂਜਲਸ ਸੀ ਜਾਂ ਨਿਊਯਾਰਕ.. ਜਦੋਂ ਹੋਟਲ ਪਹੁੰਚੇ ਤਾਂ ਬਿੰਦਰੱਖੀਏ ਦੇ ਪੱਗ ਨਹੀਂ ਸੀ ਬੰਨ੍ਹੀ ਹੋਈ। ਰਿਸਪੈਸ਼ਨ ’ਤੇ ਚੈਕ ਕਰ ਰਹੇ ਗੁਜਰਾਤੀ ਪ੍ਰਮੋਟਰਾਂ ਨੇ ਮਨਿੰਦਰ ਗਿੱਲ ਨੂੰ ਕਿਹਾ ਕਿ ਐਡਵਾਂਸ ਰਕਮ ਤਦ ਦਿਆਂਗਾ ਪਹਿਲਾਂ ‘ਦਪੁੱਟੇ’ ਵਾਲਾ ਸਿੰਗਰ ਦਿਖਾਓ ਕਿਹਡ਼ਾ ਹੈ। ਕਮਰੇ ’ਚ ਬੈਠਿਆ ਨੂੰ ਮਨਿੰਦਰ ਦਾ ਫੋਨ ਆਇਆ, ‘‘ਸੰਧੂ, ਯਾਰ ਬਿੰਦਰੱਖੀਏ ਦੇ ਸਿਰ ’ਤੇ ਆਵਦੇ ਮਾਵੇ ਵਾਲੀ ਪੱਗ ਰੱਖ ਕੇ ਇੱਕ ਮਿੰਟ ਲਈ ਹੇਠਾਂ ਆਇਓ। ਪੱਗ ’ਚ ਬਿੰਦਰਖੀਏ ਨੂੰ ਦੇਖ ਕੇ ਗੁਜਰਾਤੀ ਪ੍ਰਮੋਟਰਾਂ ਨੇ ਝੱਟ ਦੇਣੇ ਮਨਿੰਦਰ ਨੂੰ ਪੇਮੈਂਟ ਦੇ ਦਿੱਤੀ। ਉਦੋਂ ਸਾਰੇ ਥਈਂ ‘ਦਪੁੱਟਾ ਸੱਤ ਰੰਗ ਦਾ’ ਦੀ ਧੁੰਮ ਸੀ। ਏਥੋਂ ਤਕ ਕਿ ਇੰਗਲੈਂਡ ਦੇ ਪ੍ਰਮੋਟਰਾਂ ਨੇ ਤਾਂ ‘ਵਿਸਾਖੀ ਮੇਲਾ’ ਟਾਈਟਲ ਵਾਲੇ ਪੋਸਟਰਾਂ ’ਤੇ ਉÎੱਪਰ ਮੋਟਾ ਕਰ ਕੇ ਲਿਖਵਾਇਆ ਹੋਇਆ ਸੀ, ‘ਦਪੁੱਟਾ ਤੇਰਾ ਸੱਤ ਰੰਗ ਦਾ ਵਾਲਾ ਬਿੰਦਰੱਖੀਆ ਪਹਿਲੀ ਵਾਰ ਇੰਗਲੈਂਡ ’ਚ’।
ਪਹਿਲੀ ਬਰਸੀ ਤੋਂ ਲੈ ਕੇ ਹੁਣ ਤਕ ਇਹ ਗੱਲ ਚੱਲਦੀ ਹੈ ਕਿ ਸੁਰਜੀਤ ਬਿੰਦਰੱਖੀਏ ਦੀ ਯਾਦਗਾਰ ਕਾਇਮ ਕੀਤੀ ਜਾਵੇ। ਪਹਿਲੇ ਭੋਗ ਸਮੇਂ ਹੋਏ ਐਲਾਨਾਂ ਦੀ ਹਰ ਵਾਰ ਖੱਟੀ-ਮਿੱਠੀ ਚਰਚਾ ਕੀਤੀ ਜਾਂਦੀ ਹੈ ਪਰ ਮੈਂ ਅਕਸਰ ਚੁੱਪ ਹੀ ਰਿਹਾਂ। ਮੇਰੇ ਅੰਦਰੇ-ਅੰਦਰ ਇਹ ਫ਼ੈਸਲਾ ਸੀ ਕਿ ਬਿੰਦਰੱਖੀਏ ਦੀ ਇੱਕ ਸ਼ਾਨਦਾਰ ਯਾਦਗਾਰ ਇੱਕ ਇਹ ਕਾਇਮ ਕੀਤੀ ਜਾਵੇ ਕਿ ਉਹਦੇ ਬੇਟੇ ਗੀਤਾਜ਼ ਨੂੰ ਗਾਇਕੀ ਦੇ ਰਾਹ ਤੋਰਿਆ ਜਾਵੇ। ਬਸ, ਜਿੱਥੋਂ ਕਿਤੇ ਗੀਤਾਜ਼ ਬਿੰਦਰੱਖੀਆ ਲੰਘੇ ਜਾਂ ਸਟੇਜਾਂ ’ਤੇ ਚਡ਼੍ਹੇ, ਲੋਕ ਇਹੋ ਆਖਣ, ‘‘ਬਈ ਇਹ ਆਹ ਬਿੰਦਰੱਖੀਏ ਦਾ ਮੁੰਡਾ।’’ ਮੇਰੀ ਇਸ ਮੰਝ ਨੂੰ ਕਿਸੇ ਹੱਦ ਤਕ ਫਲ-ਫੁੱਲ ਲੱਗ ਗਏ ਨੇ ਅਤੇ ‘ਜਿੰਦ ਮਾਹੀ’ ਐਲਬਮ ਨਾਲ ਗੀਤਾਜ਼ ਬਿੰਦਰੱਖੀਏ ਦੀ ਸੋਹਣੀ ਹਾਜ਼ਰੀ ਲੱਗ ਗਈ ਹੈ। ਪਹਿਲਾਂ ਮੈਂ ਕਹਿੰਦਾ ਹੁੰਦਾ ਸੀ:
ਕੋਈ ਗਾਇਕ, ਕਿਸੇ ਗੀਤਕਾਰ ਨਾਲ ਆਖ਼ਰੀ ਸਾਹਾਂ ਤਕ ਯਾਰੀ ਨਿਭਾਅ ਗਿਆ…। ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਸ਼ਾਇਦ ਸਾਡੀ ਦੋਵਾਂ ਦੀ ਹੀ ਇੱਕੋ ਇੱਕ ਮਿਸਾਲ ਹੈ ਹੁਣ ਤਕ।
ਗੱਲਾਂ ਨਹੀਂ ਮੁੱਕਦੀਆਂ। ਗੱਲ ਤਾਂ ਅਜੇ ਸ਼ੁਰੂ ਹੋਈ ਹੈ ਮੇਰੇ ਵੱਲੋਂ ਬਿੰਦਰੱਖੀਏ ਬਾਰੇ ਲਿਖਣ ਦੀ। ਲੇਖ ਲੰਮਾ ਨਾ ਹੋ ਜਾਏ, ਉਸ ਇੱਕ ਗੀਤ ਨਾਲ ਹਾਲ ਦੀ ਘਡ਼ੀ ਗੱਲ ਮੁਕਾ ਲੈਂਦੇ ਹਾਂ ਜੋ ਗੀਤਾਜ਼ ਦਾ ਪਹਿਲਾ ਗੀਤ ਸੀ, ਇੱਕ ਮਿੱਠੀ ਯਾਦ:
ਪੈਂਦੇ ਮੇਲੇ ’ਚ ਭੁਲੇਖੇ ਤੇਰੀ ਪੱਗ ਦੇ
ਤੇਰੇ ਬਾਝੋਂ ਬਿੰਦਰੱਖੀਆ
ਸਾਨੂੰ ਮੇਲੇ ਨਾ ਭੋਰਾ ਵੀ ਚੰਗੇ ਲੱਗਦੇ
ਤੇਰੇ ਬਾਝੋਂ ਬਿੰਦਰੱਖੀਆ
ਮੇਲਿਆਂ ਦੀ ਆਨ ਸੀ ਤੂੰ ਮੇਲਿਆਂ ਦੀ ਸ਼ਾਨ ਸੀ
ਤੇਰੇ ਨਾਲ ਹੀ ਤਾਂ ਸਾਡਾ ਵੱਸਦਾ ਜਹਾਨ ਸੀ
ਤੇਰੇ ਨਾਉਂ ’ਤੇ ਮੇਲੇ ਥਾਂ-ਥਾਂ ਹੁਣ ਲੱਗਦੇ
ਤੇਰੇ ਬਾਝੋਂ…।
ਚੈਨਲਾਂ ਵਾਲੇ ਵੀ ਹੁਣ ਗੀਤ ਤੇਰੇ ਲਾਉਂਦੇ ਨੇ
ਡੀਜਿਆਂ ਵਾਲੇ ਵੀ ਨਿੱਤ ਲੋਕਾਂ ਨੂੰ ਨਚਾਉਂਦੇ ਨੇ
ਤੇਰੇ ਬੋਲ ਨੇ ਕੰਨਾਂ ’ਚ ਓਵੇਂ ਗੱਜਦੇ
ਤੇਰੇ ਬਾਝੋਂ…।
ਸੰਧੂ ਕਹਿੰਦਾ ਮੇਰੀ ਤਾਂ ਹੈ ਸੱਜੀ ਬਾਂਹ ਟੁੱਟ ਗਈ
ਐਸੀ ਨੇਰ੍ਹੀ ਵਗੀ ਰੁੱਖਾਂਜਡ਼੍ਹਾਂ ਤੋਂ ਹੀ ਪੁੱਟ ਗਈ
ਭਾਣੇ ਮੰਨਣੇ ਪੈਂਦੇ ਨੇ ਲੋਕੋ ਰੱਬ ਦੇ
ਤੇਰੇ ਬਾਝੋਂ…।
ਮਾਂ ਦੀਆਂ ਦੁਆਵਾਂ ਅਤੇ ਭੈਣ ਦੇ ਪਿਆਰ ਨਾਲ
ਤੇਰੇ ਚਾਹੁਣ ਵਾਲਿਆਂ ਦੇ ਮਾਣ ਸਤਿਕਾਰ ਨਾਲ
‘ਤਾਜ਼’ ਰੱਖੂਗਾ ਹਮੇਸ਼ਾਂ ਦੀਵੇ ਜੱਗਦੇ
ਤੇਰੇ ਬਾਝੋਂ ਬਿੰਦਰੱਖੀਆ
ਸਾਨੂੰ ਮੇਲੇ ਨਾ ਭੋਰਾ ਵੀ ਚੰਗੇ ਲੱਗਦੇ।

(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)                                                    -ਸ਼ਮਸ਼ੇਰ ਸੰਧੂ
                                                                                         * ਮੋਬਾਈਲ:98763-12860