Monday, September 2, 2019

ਚਾਰ-ਪੰਜ ਸਾਲ ਹੀ ਉਮਰ ਹੁੰਦੀ ਹੈ ਮਾੜੇ ਗਾਣਿਆਂ ਦੀ--ਸੰਜੀਵਨ

 ਅਸ਼ਲੀਲ,ਹਿੰਸਕ ਅਤੇ ਨਸ਼ਿਆਂ ਵਾਲੇ ਗਾਣਿਆਂ ਨੇ ਲਾਇਆ ਸਮਾਜ ਨੂੰ ਖੋਰਾ 

ਚੰਡੀਗੜ੍ਹ//ਮੋਹਾਲੀ: 8 ਫਰਵਰੀ 2019: (ਸੁਰ ਸਕਰੀਨ ਬਿਊਰੋ):: 
ਬੇਸ਼ਕ ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਦਾ ਗੁਣਗਾਣ ਕਰਦੇ ਗਾਇਕਾਂ ਦੀ ਮਿਆਦ ਚਾਰ-ਪੰਜ ਸਾਲ ਹੀ ਹੁੰਦੀ ਹੈ ਅਤੇ ਗੀਤ ਚਾਰ-ਪੰਜ ਮਹੀਨੇ ਹੀ ਸੁਣਾਈ/ਦਿਖਾਈ ਦਿੰਦੇ ਹਨ ਪਰ ਇਸ ਕਿਸਮ ਦੇ ਗਾਇਕਾਂ ਅਤੇ ਗੀਤਾਂ ਵੱਲੋਂ ਕੀਤੇ ਸਭਿਆਚਾਰ ਅਤੇ ਸਮਾਜਿਕ ਕਦਰਾ-ਕੀਮਤਾ ਦੇ ਘਾਣ ਅਤੇ ਨੌਜਵਾਨੀ ਦੀ ਸੋਚ-ਸਮਝ ਦੇ ਨੁਕਸਾਨ ਦੀ ਪੂਰਤੀ ਲਈ ਚਾਲੀ-ਪੰਜਾਹ ਸਾਲ ਲੱਗ ਜਾਣਗੇ।
ਇਹ ਰਾਏ ਪ੍ਰਗਟ ਕਰਦੇ ਹੋਏ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਕਿ  ਬੁੱਲਟ, ਅਰਮਾਨੀ, ਗੁੱਚੀ, ਜੈਗੁਆਰ ਵਰਗੀਆ ਮਹਿੰਗੇ ਬ੍ਰਾਂਡਾ ਦੀ ਆਪਣੇ ਗੀਤਾਂ ਵਿਚ ਭਰਪੂਰ ਇਸ਼ਤਿਹਾਰ ਬਾਜ਼ੀ /ਇਸਤੇਮਾਲ ਕਰਨਾ, ਹਥਿਆਰ/ਅਸਲੇ ਨੂੰ ਖੁਲੇਆਮ ਵਰਤਣਾਂ, ਨਸ਼ੇ-ਪੱਤੇ ਅਤੇ ਦਾਰੂ-ਸ਼ਾਰੂ ਦਾ ਸੇਵਣ ਕਰਕੇ ਬੁੱਕਣਾ, ਧੀਆਂ-ਭੈਣਾਂ ਨੂੰ ਬੇਇਜ਼ਤ ਤੇ ਜ਼ਲੀਲ ਕਰਨਾ ਆਮ ਚਲਣ ਹੈ। 
ਇਸ ਵਰਤਾਰੇ ਨੂੰ ਜਾਰੀ ਰੱਖਣ ਵਿਚ ਕੇਵਲ ਗਾਇਕ ਹੀ ਨਹੀਂ, ਗਾਇਕਾਵਾਂ ਵੀ ਭਰਪੂਰ ਹਿੱਸੇਦਾਰੀ ਪਾ ਰਹੀ ਹਨ। ਬਜ਼ਾਰ ਨੇ ਬਹੁਤੇ ਗਾਇਕਾਂ/ਗੀਤਕਾਰਾਂ ਨੂੰ ਵੀ ਹੁਣ ਬਜ਼ਾਰੂ ਬਣਾ ਦਿਤਾ ਹੈ। ਬੇਸ਼ਕ ਸਮਾਜ ਦੀਆਂ ਮੁੱਢਲੀਆ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਹਨ। ਜੇ ਸਮਾਜ ਅਤੇ ਨੌਜਵਾਨੀ ਜ਼ਹਿਨੀ ਤੌਰ ’ਤੇ ਬਿਮਾਰ,ਅਪਾਹਜ ਅਤੇ ਕੰਗਾਲ ਹੋ ਜਾਵੇਗੀ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਗਾਲ ਸੁੱਟੀਏ ਸਭ ਅਰਥਹੀਣ ਹੈ।  
  ਸੰਜੀਵਨ ਸਿੰਘ ਦੀ ਇਹ ਚੇਤਾਵਨੀ ਬਹੁਤ ਡੂੰਘੇ ਸੰਕੇਤ ਦੇਂਦੀ ਹੈ ਜਿਹਨਾਂ ਨੂੰ ਸਮਝਣਾ ਜ਼ਰੂਰੀ ਹੈ। ਇਸ ਤੱਥ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਜਦੋਂ ਤੱਕ ਸਭਨਾਂ ਨੂੰ ਇਨਸਾਫ ਨਹੀਂ ਮਿਲਦਾ, ਮੁਢਲੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਥਾਣਿਆਂ ਅਤੇ ਕਚਹਿਰੀਆਂ ਵਿੱਚੋਂ ਚਹੇਤੇ ਇਨਸਾਫ ਵਾਲੇ ਹੀਲੇ ਵਸੀਲੇ ਨਹੀਂ ਹੁੰਦੇ ਉਦੋਂ ਤੱਕ ਅਸੀਂ ਲੋਕਾਂ ਦੇ ਜ਼ਹਿਨ ਨਹੀਂ ਬਦਲ ਸਕਦੇ। ਜਿਊਣਾ ਮੌੜ ਨੂੰ ਨਾਇਕ ਮੰਨਣ ਦਾ ਰੁਝਾਨ ਜੇ ਅੱਜ ਇਸ ਯੁਗ ਵਿਚ ਵੀ ਕਾਇਮ ਹੈ ਤਾਂ ਬਹੁਤ ਕੁਝ ਸੋਚਣ ਦੀ ਲੋੜ ਹੈ।