Monday, November 29, 2021

ਅਰੁਣ ਭਾਟੀਆ ਦਾ ਪਹਿਲਾ ਟਰੈਕ ‘ਪਿਆਰ ਹੋਇਆ’ ਲੋਕ ਅਰਪਣ

ਮੋਹਾਲੀ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤਾ ਆਪਣਾ ਪਹਿਲਾ ਗੀਤ 


ਮੋਹਾਲੀ
: 29 ਨਵੰਬਰ 2021: (ਗੁਰਜੀਤ ਬਿੱਲਾ//ਸੰਗੀਤ ਸਕਰੀਨ) ::

ਪੰਜਾਬ ਨੇ ਬਹੁਤ ਕੁਝ ਦੇਖਿਆ, ਬਹੁਤ ਦੁੱਖ ਵੀ  ਹੰਢਾਏ ਪਰ ਫਿਰ ਵੀ ਸਹਿਤੀ, ਸੱਭਿਆਚਾਰ ਅਤੇ ਕਲਾ ਨੂੰ ਵਿਸਰਨ ਨਹੀਂ ਦਿੱਤਾ। ਸਿਆਸੀ ਤੇਜ਼ੀਆਂ ਦੇ ਨਾਲ ਨਾਲ ਹੁਣ ਇੱਕ ਵਾਰ ਫਿਰ ਗੀਤ-ਸੰਗੀਤ, ਕਲਾ ਅਤੇ ਸਾਹਿਤ ਦੇ ਖੇਤਰਾਂ ਦੀਆਂ ਸਰਗਰਮੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਨਵੀਂ ਖਬਰ ਮਿਲੀ ਹੈ ਮੋਹਾਲੀ ਪ੍ਰੈਸ ਕਲੱਬ ਤੋਂ। 

ਪੰਜਾਬ ਸਭਿਆਚਾਰ ਦੇ ਅਨਮੋਲ ਮਣਕਿਆਂ ਦੀ ਲੜੀ ਵਿੱਚ ਇਕ ਹੋਰ ਨਵੇਂ ਮਣਕੇ ਨੂੰ ਜੋੜਦੇ ਹੋਏ ਉੱਘੇ ਸੰਗੀਤਕਾਰ ਦਾ ਮਿਊਜ਼ਿਕ ਪਲੇਅ ਅਤੇ ਬਲਦੇਵ ਕਾਕੜੀ ਵੱਲੋਂ ਗਾਇਕ ਅਰੁਣ ਭਾਟੀਆ ਦਾ ਪਲੇਠਾ ਟਰੈਕ ‘ ਪਿਆਰ ਹੋਇਆ ’  ਮੋਹਾਲੀ ਪ੍ਰੈਸ ਕਲੱਬ ਵਿੱਚ ਲੋਕ ਅਰਪਣ ਕੀਤਾ ਗਿਆ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਕੜੀ ਨੇ ਦੱਸਿਆ ਕਿ ਅਰੁਣ ਭਾਟੀਆ ਉੱਨਾਂ ਕੋਲ ਸੰਗੀਤ ਦੀਆਂ ਬਰੀਕੀਆਂ ਤੋਂ ਕੋਰਾ ਪਰ ਅਪਣੇ ਸ਼ੌਕ ਅਤੇ ਲਗਨ ਨੂੰ ਨਾਲ ਲੈਕੇ ਮਿਲਿਆ ਸੀ। ਉਨਾਂ ਕੋਲੋਂ ਲਗਨ ਅਤੇ ਮਿਹਨਤ ਨਾਲ ਸੰਗੀਤ ਦੀ ਵਿਦਿਆ ਪ੍ਰਾਪਤ ਕੀਤੀ। ਅਜ ਉਸ ਨੇ ਪਲੇਠਾ ਟਰੈਕ 'ਪਿਆਰ ਹੋਇਆ’ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ। ਗੀਤ ਦੇ ਬੋਲ ਮਿਸਟਰ ਹੈਰੀ ਨੇ ਲਿਖੇ ਅਤੇ ਇਸ ਦਾ ਸੰਗੀਤ ਕਾਕੜੀ ਦੇ ਸ਼ਗਿਰਦ ਮਿਸਟਰ ਯਾਦੀ ਨੇ ਦਿਤਾ ਹੈ। 

ਇਸ ਦਾ ਵੀਡੀਓ ਮਨਾਲੀ ਦੀਆਂ ਹਸੀਨ ਵਾਦੀਆਂ ਵਿੱਚ ਮਨਜਿੰਦਰ ਬੁਟਰ ਵੱਲੋਂ ਅਪਣੇ ਕੈਮਰੇ ਵਿੱਚ ਕੈਦ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ  ਅਰੁਣ ਭਾਟੀਆ ਨੇ ਕਿਹਾ ਕਿ ਉਹ ਕਾਲਜ ਵਿੱਚ ਬੀ ਟੈਕ ਦੀ ਡਿਗਰੀ ਹਾਸਲ ਕਰ ਰਿਹਾ ਸੀ। ਭਾਵੇਂ ਉਨਾਂ ਦਾ ਪਿਛੋਕੜ ਸੰਗੀਤ ਪੱਖੋਂ ਕਾਫੀ ਕੋਰਾ ਹੈ ਪਰ ਉਸ ਨੂੰ ਸੰਗੀਤ ਦਾ  ਸ਼ੌਕ ਸੀ। ਉਨਾਂ ਦੀ ਮੁਲਾਕਾਤ ਇਕ ਦੋਸਤ ਨੇ ਗਾਇਕ ਤੇ ਸੰਗੀਤ ਦੀਆਂ ਧੁਨਾਂ ਦੇ ਮਾਹਿਰ ਬਲਦੇਵ ਕਾਕੜੀ ਨਾਲ ਕਰਵਾਈ ਜਿਨਾਂ ਮੇਰਾ ਸ਼ੌਕ ਅਤੇ ਮਿਹਨਤ ਨੂੰ ਵੇਖਦੇ ਹੋਏ ਮੈਨੂੰ ਸੰਗੀਤ ਦੀ ਵਿਦਿਆ ਪ੍ਰਦਾਨ ਕੀਤੀ। 

ਉਨਾਂ ਦੀ ਮਿਹਨਤ ਨਾਲ ਅਜ ਮੈ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਵਿੱਚ ਅਪਣਾ ਪਹਿਲਾ ਟਰੈਕ ਜੋੜ ਰਿਹਾ ਹਾਂ। ਉਨਾਂ ਉਮੀਦ ਪ੍ਰਗਟਾਈ ਕਿ  ਸਰੋਤੇ ਉਨਾਂ ਦਾ ਪਿਆਰ ਸਵੀਕਾਰ ਕਰਕੇ ਮਣਾਂ ਮਣਾ ਪਿਆਰ ਦੇਣਗੇ, ਮੈਂ ਸਰੋਤਿਆਂ ਨੂੰ ਵਿਸ਼ਾਵਾਸ ਦਿਵਾਉਂਦਾ ਕਿ ਪੰਜਾਬੀ ਸਭਿਆਚਾਰ ਵਿੱਚ ਰਹਿੰਦੇ ਲੱਚਰਤਾ ਤੋਂ ਦੂਰ ਰਹਾਂਗਾ। ਗੀਤ-ਸੰਗੀਤ ਅਤੇ ਕਲਾ ਦੀਆਂ ਸਰਗਰਮੀਆਂ ਇਸੇ ਤਰ੍ਹਾਂ ਜਾਰੀ ਰਹਿਣ।ਸਮਹੂਹ ਪੰਜਾਬੀਆਂ ਦੀ ਇਹੀ ਕਾਮਨਾ ਹੈ। 

Saturday, November 20, 2021

ਸਿਮਰਨ ਧੁੱਗਾ ਦਾ ਧਾਰਮਿਕ , ‘ਨਾਨਕ ਨਾਨਕ ਮੈ ਕਰਾਂ’ ਰਿਲੀਜ਼

Saturday 20th November 2021 at 12:26 pm

 ਪੰਜਾਬ ਦੀ ਪ੍ਰਸਿੱਧ ਗੀਤਕਾਰਾ ਤੇ ਗਾਇਕਾ ਹੈ ਸਿਮਰਨ ਧੁੱਗਾ  


ਚੰਡੀਗੜ੍ਹ
: 20 ਨਵੰਬਰ, 2021: (ਪ੍ਰੀਤਮ ਲੁਧਿਆਣਵੀ//ਸੁਰ ਸਕਰੀਨ)::

ਪੰਜਾਬ ਦੀ ਪ੍ਰਸਿੱਧ ਗੀਤਕਾਰਾ, ਗਾਇਕਾ ਅਤੇ ਅਦਾਰਾ ‘ਸ਼ਬਦ ਕਾਫ਼ਲਾ ਮੈਗਜੀਨ’ ਦੀ ਸਰਪ੍ਰਸਤ ਸਿਮਰਨ ਧੁੱਗਾ ਦਾ ਸ਼ਬਦ, ‘ਨਾਨਕ ਨਾਨਕ ਮੈਂ ਕਰਾਂ’ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ, ਲੁਧਿਆਣਾ ਵਿਖੇ ਸੰਗਤ ਦੇ ਕਰ ਕਮਲਾਂ ਦੁਆਰਾ ਬੜੀ ਸ਼ਰਧਾ ਭਾਵਨਾ ਨਾਲ ਰਿਲੀਜ਼ ਕੀਤਾ ਗਿਆ। ਇਹ ਸ਼ਬਦ ਸਿਮਰਨ ਧੁੱਗਾ ਨੇ ਆਪ ਹੀ ਲਿਖਿਆ ਤੇ ਆਪ ਹੀ ਗਾਇਆ ਹੈ। ਐਮ ਐਸ ਰਿਕਾਰਡ ਵੱਲੋਂ ਰਿਕਾਰਡ ਕੀਤੇ ਗਏ ਇਸ ਸ਼ਬਦ ਦਾ ਸੰਗੀਤ ਮਨਜੀਤ ਸਿੰਘ ਨੇ ਦਿੱਤਾ ਹੈ। ਇਸ ਮੌਕੇ ਸਿਮਰਨ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ, ‘‘ਮੈਂ ਆਪਣੇ ਰੱਬ ਵਰਗੇ ਸਰੋਤਿਆਂ / ਸਮੂਹ ਪਾਠਕਾਂ ਦਾ, ਵੀਰ ਕਬੱਡੀ ਪ੍ਰਮੋਟਰ ਸਾਭੀ ਕਾਲਕਟ ਤੇ ਉਹਨਾਂ ਦੀ ਧਰਮ ਪਤਨੀ ਲਵਪ੍ਰੀਤ ਕਾਲਕਟ ਦਾ ਅਤੇ ਦੁੱਖਭੰਜਨ ਰੰਧਾਵਾ ਜੀ ਦਾ ਖਾਸ ਤੌਰ ਤੇ ਧੰਨਵਾਦ ਕਰਦੀ ਹਾਂ।’’

ਵਿਸ਼ੇਸ਼ ਜ਼ਿਕਰ ਯੋਗ ਹੈ ਕਿ ਸਾਹਿਤ ਤੇ ਸੱਭਿਆਚਾਰ ਵਿਚ ਮੰਜ਼ਲ ਵੱਲ ਮਜ਼ਬੂਤ ਕਦਮੀਂ ਵਧ ਰਹੀ, ਪੰਜਾਬੀ ਮਾਂ-ਬੋਲੀ ਦੀ ਜਾਣੀ-ਪਹਿਚਾਣੀ ਗੀਤਕਾਰਾ, ਗੀਤਕਾਰੀ ਖੇਤਰ ਵਿਚ, ‘ਗ੍ਰੀਨ ਪੱਗ ਵਾਲਾ ਗੱਭਰੂ’ (ਗਾਇਕਾ ਮਿਸ ਸਾਜ਼ੀ), ‘ਕਾਲਜ ਦੀਆਂ ਯਾਦਾਂ’, (ਗਾਇਕ ਹਾਕਮ ਹਨੀ), ‘ਚਰਖਾ’ (ਪੰਜਾਬ ਦੀ ਪ੍ਰਸਿੱਧ ਗਾਇਕਾ ਗੁਲਸ਼ਨ ਕੋਮਲ) ਤੇ ‘ਸਰਦਾਰ ਜੀ’ (ਗਾਇਕਾ ਸਿਮਰਨ ਸਿੰਮੀ) ਆਦਿ ਅੱਧੀ ਦਰਜਨ ਆਪਣੇ ਸਾਫ-ਸੁਥਰੇ ਤੇ ਪਰਿਵਾਰਕ ਗੀਤ ਦੇ ਚੁੱਕੀ ਹੈ ਜੋ ਮਾਰਕੀਟ ਵਿਚ ਖ਼ੂਬ ਧੁੰਮਾਂ ਪਾ ਰਹੇ ਹਨ। ਇਸ ਦੇ ਨਾਲ ਹੀ ਧੁੱਗਾ ਦੀਆਂ ਲਿਖੀਆਂ ਰਚਨਾਵਾਂ ਅਨੇਕਾਂ ਅਖਬਾਰਾਂ-ਰਸਾਲਿਆਂ ਤੋਂ ਇਲਾਵਾਂ ਅਨੇਕਾਂ ਕਵੀ-ਦਰਬਾਰਾਂ ਦੀ ਸ਼ਾਨ ਵੀ ਬਣ ਚੁੱਕੀਆਂ ਹਨ। ਸਾਨੂੰ ਪੂਰਨ ਆਸਾਂ-ਉਮੀਦਾਂ ਹਨ ਕਿ ਧੁੱਗਾ ਜੀ ਦੇ ਪਹਿਲੇ ਗੀਤਾਂ ਦੀ ਤਰਾਂ ਗੀਤ-ਸੰਗੀਤ ਪ੍ਰੇਮੀ ਇਸ ਨਵੇਂ ਸ਼ਬਦ ਨੂੰ ਵੀ ਖੂਬ ਭਰਵਾਂ ਹੁੰਗਾਰਾ ਦੇਣਗੇ।   

Friday, November 19, 2021

ਬੀਬਾ ਗੁਲਸ਼ਨ ਕੋਮਲ ਦਾ ਨਵਾਂ ਗੀਤ, 'ਨਾਨਕੀ ਦਾ ਵੀਰ'

19th November 2021 at1:07 PM   

ਇੱਕ ਵਾਰ ਫੇਰ ਬੁਲੰਦ ਆਵਾਜ਼ ਆਈ ਅੰਤਰਰਾਸ਼ਟਰੀ ਗਾਇਕਾ ਦੀ 


ਚੰਡੀਗੜ੍ਹ
: 19 ਨਵੰਬਰ 2021: (ਪ੍ਰੀਤਮ ਲੁਧਿਆਣਵੀ//ਸੁਰ ਸਕਰੀਨ)::

ਸੁਰੀਲੀ ਤੇ ਬੁਲੰਦ ਆਵਾਜ਼ ਦੀ ਮਲਿਕਾ, ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਉਹ ਕਲਾਕਾਰਾ ਜੋ ਦਹਾਕਿਆਂ ਤੋਂ ਆਪਣੇ ਅਨੇਕਾਂ ਸੁਪਰ ਹਿੱਟ ਦੋਗਾਣਿਆਂ ਅਤੇ ਸੋਲੋ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦੀ ਆ ਰਹੀ ਹੈ ਹੁਣ ਇੱਕ ਵਾਰ ਫੇਰ ਸਾਹਮਣੇ ਆਈ ਹੈ। ਇਹ ਉਹੀ ਆਵਾਜ਼ ਹੈ ਜਿਸਨੇ ਵਿਸ਼ਵ ਭਰ ਵਿਚ ਵਸਦੇ ਪੰਜਾਬੀ ਗੀਤ-ਸੰਗੀਤ ਪ੍ਰੇਮੀਆਂ ਤੋਂ ਅੰਤਾਂ ਦਾ ਮੋਹ, ਪਿਆਰ, ਸਤਿਕਾਰ ਤੇ ਨਾਮਣਾ ਖੱਟਿਆ ਹੈ, ਅੱਜ ਉਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ, 'ਨਾਨਕੀ ਦਾ ਵੀਰ।' ਮੇਰੀ ਮੁਰਾਦ ਹੈ ਗਾਇਕੀ ਦਾ ਲੋਹਾ ਮੰਨਵਾ ਚੁੱਕੀ ਓਸ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਤੋਂ ਜਿਸਨੂੰ ਕਲਾ-ਪੁਜਾਰੀਆਂ ਵੱਲੋਂ ਬੀਬਾ ਗੁਲਸ਼ਨ ਕੋਮਲ ਜੀ ਦੇ ਨਾਂ ਨਾਲ ਪਿਆਰਿਆ, ਸਤਿਕਾਰਿਆ ਤੇ ਨਿਵਾਜਿਆ ਜਾਂਦਾ ਹੈ | ਓਰਿਕ ਮਿਊਜ਼ਕ ਤੇ ਨਿਰਮਲ ਨੂਰ ਦੀ ਪੇਸ਼ਕਸ਼ ਇਸ ਗੀਤ ਵਿਚ ਸੰਗੀਤ ਦਿੱਤਾ ਹੈ ਸੰਗੀਤਕਾਰ ਸੂਰਜ ਅਜਾਦ ਨੇ। ਇਸ ਗੀਤ ਦੇ ਗੀਤਕਾਰ ਹਨ  ਸਵ: ਮਹਿੰਦਰ ਸਿੰਘ ਕੋਮਲ ਜੀ। ਇਸ ਪ੍ਰੋਜੈਕਟ ਵਿਚ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ ਰਾਵਿੰਦਰ ਜਿੰਮੀ ਤੇ ਬਿੱਟੂ ਭੱਟੀ (ਮਾਹਿਲ ਗੈਲਾ) ਦਾ। ਉਮੀਦ ਹੈ ਕਿ, 'ਨਾਨਕੀ ਦਾ ਵੀਰ' ਗੀਤ-ਸੰਗੀਤ ਪ੍ਰੇਮੀਆਂ ਦੀਆਂ ਆਸਾਂ ਉਮੀਦਾਂ ਉਤੇ ਹਰ ਪੱਖ ਤੋਂ ਖਰਾ ਉਤਰਦਾ ਹੋਇਆ ਗੁਰੂ-ਘਰ ਦੀਆਂ ਖੁਸ਼ੀਆਂ ਵੰਡਦਾ ਸਭਨਾਂ ਨੂੰ ਨਿਹਾਲ ਕਰੇਗਾ।  

Tuesday, November 9, 2021

ਪ੍ਰਾਚੀਨ ਕਲਾ ਕੇਂਦਰ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ

Tuesday 9th November 2021 at 02:38 PM

 12-13 ਨੂੰ ਹੋਣਾ ਹੈ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ 

ਜੇਤੂਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਤ


ਮੋਹਾਲੀ
: 9 ਨਵੰਬਰ 2021: (ਗੁਰਜੀਤ ਬਿੱਲਾ//ਸੁਰ ਸਕਰੀਨ//ਪੰਜਾਬ ਸਕਰੀਨ):: 

ਸਿੱਖ ਧਰਮ ਵਿਚ ਗੁਰੂ ਕਾਲ ਤੋਂ ਚਲੀ ਆ ਰਹੀ ਸੰਗੀਤ ਦੀ ਪ੍ਰਾਚੀਨ ਪਰੰਪਰਾ ਅਤੇ ਮਰਿਯਾਦਾ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਵਿਰਾਸਤ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋੜਨ ਦੇ ਉਪਰਾਲੇ ਨਾਲ ਗੁਰਮਤਿ ਸੰਗੀਤ ਵਿਭਾਗ, ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਅਤੇ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਵਲੋਂ ਇਕ ਵਿਸ਼ੇਸ਼ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ 12-13 ਨਵੰਬਰ, 2021 ਨੂੰ ਸਵੇਰੇ 10.00 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਸੈਕਟਰ 34, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦੇ ਜੇਤੂਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਇਸ ਗੁਰਮਤਿ ਸਮਾਗਮ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿਚ ਕੀਤੀ ਕਾਨਫਰੰਸ ਦੌਰਾਨ ਇਹ ਜਾਣਕਾਰੀ ਪ੍ਰਾਚੀਨ ਕਲਾ ਕੇਂਦਰ ਦੇ ਪ੍ਰਧਾਨ ਮਲਕੀਤ ਸਿੰਘ ਜੰਡਿਆਲਾ ਅਤੇ ਡਾਇਰੈਕਟਰ ਪ੍ਰੋਜੈਕਟ ਪਲਾਨਿੰਗ ਤੇ ਡਿਵੈਲਪਮੈਂਟ ਆਸ਼ੂਤੋਸ਼ ਮਹਾਜਨ ਨੇ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਪ੍ਰਾਚੀਨ ਕਲਾ ਕੇਂਦਰ ਅਤੇ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਵਲੋਂ ਰਾਗਮਈ ਅਤੇ ਕੇਵਲ ਬੋਲ ਅਲਾਪ ਅਤੇ ਬੋਲ ਤਾਨਾਂ ’ਤੇ ਆਧਾਰਿਤ ਕੇਂਦਰ ਦੇ 7ਵੇਂ ਗੁਰਮਤਿ ਸੰਗੀਤ ਸਮਾਗਮ ਦੇ ਰੂਪ ਵਿਚ ਰਾਗਮਈ ਕੀਰਤਨ ਦਰਬਾਰ ਦਾ ਆਯੋਜਨ 12 ਨਵੰਬਰ 2021 ਨੂੰ ਸ਼ਾਮ 4 ਤੋਂ 8 ਵਜੇ ਤੱਕ ਗੁ: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਸੈਕਟਰ 34, ਚੰਡੀਗੜ੍ਹ ਵਿਖੇ ਗੁਰਮਤਿ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਜਦਕਿ 13 ਨਵੰਬਰ 2021 ਨੂੰ ਸਵੇਰੇ 10.00 ਵਜੇ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਜਾਵੇਗਾ। 

ਉਹਨਾਂ ਅੱਗੇ ਦਸਿਆ ਕਿ ਇਸ ਸਮਾਗਮ ਵਿਚ ਗੁਰਮਤਿ ਸੰਗੀਤ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾਵਾਂ ਦੇ 10 ਤੋਂ 24 ਸਾਲ ਉਮਰ ਵਰਗ ਵਿਦਿਆਰਥੀ ਸੀਨੀਅਰ ਅਤੇ ਜੂਨੀਅਰ ਵਰਗ ਵਿਚ ਭਾਗ ਲੈ ਸਕਣਗੇ। ਇਸ ਮੁਕਾਬਲੇ ਵਿਚ ਸੀਨੀਅਰ ਵਰਗ ਲਈ ਸਮੇਂ ਦੀ ਹੱਦ 7 ਤੋਂ 10 ਮਿੰਟ ਅਤੇ ਜੂਨੀਅਰ ਵਰਗ ਲਈ 6 ਤੋਂ 8 ਮਿੰਟ ਹੋਵੇਗੀ, ਜਦਕਿ ਜੇਤੂ ਅਤੇ ਸਰਵੋਤਮ ਪ੍ਰਤੀਯੋਗੀ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਇਸ ਦੌਰਾਨ ਪ੍ਰਧਾਨ ਮਲਕੀਤ ਸਿੰਘ ਜੰਡਿਆਲਾ ਨੇ ਦਸਿਆ ਕਿ ਕੇਂਦਰ ਵਲੋਂ ਹਰ ਉਮਰ ਵਰਗ ਲਈ ਮੁਫਤ ਸੰਗੀਤ ਵਿਦਿਆ ਦੇਣ ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਗਰੈਜੂਏਸ਼ਨ ਪੱਧਰ ਦਾ ਸੰਗੀਤ ਵਿਚ 4 ਸਾਲ ਦਾ ਡਿਪਲੋਮਾ ਅਤੇ ਐਮ.ਏ. ਪੱਧਰ ਲਈ 2 ਸਾਲ ਦਾ ਕੋਰਸ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ।