Saturday, November 17, 2012

ਬਿੰਦਰੱਖੀਆ ਤੇਰੇ ਬਾਝੋਂ//ਸ਼ਮਸ਼ੇਰ ਸੰਧੂ

ਮਸੀਂ 25-30 ਮਿੰਟਾਂ 'ਚ ਰਿਕਾਰਡ ਹੋਇਆ ਸੀ ..."ਤੇਰਾ ਯਾਰ ਬੋਲਦਾ"
Posted On November-17-2012
ਹਰ ਸਾਲ ਜਦੋਂ ਸਤਾਰਾਂ ਨਵੰਬਰ ਦੀ ਸਵੇਰ ਚਡ਼੍ਹਦੀ ਹੈ ਤਾਂ ਦਿਲ ਦਿਮਾਗ਼ ਮਸੋਸਿਆ ਜਿਹਾ ਜਾਂਦਾ ਹੈ। ਉਹਦੇ ਨਾਲ ਬਿਤਾਏ ਸਾਲ, ਮਹੀਨੇ, ਹਫ਼ਤੇ ਅਤੇ ਪਲ ਕਿਸੇ ਫ਼ਿਲਮ ਦੇ ਦ੍ਰਿਸ਼ਾਂ ਵਾਂਗ ਅੱਖਾਂ ਅੱਗੇ ਘੁੰਮਦੇ ਨੇ। ਕਿਧਰੇ ਉਹ ਗਾਉਂਦਾ ਦਿਖਾਈ ਦਿੰਦਾ, ਕਿਧਰੇ ਮੇਲਿਆਂ ਨੂੰ ਜਾਂਦਾ, ਕਿਧਰੇ ਪੱਗ ਬੰਨ੍ਹਦਾ, ਕਿਧਰੇ ਵਿਦੇਸ਼ੀ ਸਟੇਜਾਂ ’ਤੇ ਭੰਗਡ਼ੇ ਪਾਉਂਦਾ ਤੇ ਕਿਧਰੇ ਹੇਕ ਲਾਉਂਦਾ। ਸੁਰਜੀਤ ਬਿੰਦਰੱਖੀਆ ਭਰਿਆ ਮੇਲਾ ਛੱਡਾ ਗਿਆ। ਅਜੇ ਉਹ ਗਾਇਕੀ ਦੇ ਮੈਦਾਨ ’ਚ ਹੋਰ ਬਹੁਤ ਕੁਝ ਕਰ ਸਕਦਾ ਸੀ। ਤਦੇ ਇਹ ਸ਼ੇਅਰ ਰਹਿ-ਰਹਿ ਕੇ ਚੇਤੇ ਆਉਂਦਾ:
ਬਡ਼ੇ ਸ਼ੌਕ ਸੇ ਸੁਨ ਰਿਹਾ ਥਾ ਜ਼ਮਾਨਾ
ਹਮੀਂ ਸੋ ਗਏ ਦਾਸਤਾਂ ਕਹਿਤੇ-ਕਹਿਤੇ

ਬਿੰਦਰੱਖੀਆ ਦਾ ਬਾਪ ਪਹਿਲਵਾਨੀ ਦੇ ਖੇਤਰ ਦਾ ਚੈਂਪੀਅਨ ਸੀ ਅਤੇ ਗਾਇਕੀ ਦੇ ਪਿਡ਼ ਵਿੱਚ ਪੁੱਤ ਵੀ ਚੈਂਪੀਅਨ ਹੋ ਨਿੱਬਡ਼ਿਆ। ਜਿਹਡ਼ੀ ਕੈਸੇਟ ਆਉਣੀ, ਉਹੋ ਹਿੱਟ। ਹਿੱਟ-ਹਿੱਟ ਦੀ ਲਿਸਟ ਇੰਨੀ ਲੰਮੀ ਹੋ ਗਈ ਕਿ ਜਿਹਡ਼ੀਆਂ 31-32 ਕੈਸੇਟਾਂ ਆਈਆਂ ਤੇ ਸਾਰੀਆਂ ਹੀ ਹਿੱਟ। ਕਿਸੇ ਕੈਸੇਟ ਦੇ ਛੇ ਗੀਤਾਂ ਨੇ ਝੰਡੇ ਗੱਡ ਦੇਣੇ, ਕਿਸੇ ਕੈਸੇਟ ਦੇ ਦੋ ਗੀਤਾਂ ਨੇ ਅਤੇ ਕਿਸੇ ਸੀ.ਡੀ. ਦੇ ਚਾਰ ਗੀਤਾਂ ਨੇ। ‘ਐਥੇ ਮੇਰੀ ਨੱਥ ਡਿੱਗ ਪਈ’ ਤੋਂ ਲੈ ਕੇ ‘ਕੱਲ੍ਹ ਤੱਕ ਨਹੀਂ ਰਹਿਣਾ’ ਦਾ ਲੰਮਾ ਸਫ਼ਰ ਸਭ ਦੇ ਸਾਹਮਣੇ ਹੈ।
ਇਹ ਵੀ ਇਤਫ਼ਾਕ ਹੀ ਸੀ ਜਾਂ ਕੁਝ ਹੋਰ ਕਿ ‘ਦਪੁੱਟਾ ਤੇਰਾ ਸੱਤ ਰੰਗ ਦਾ’ ਅਤੇ ‘ਯਾਰ ਬੋਲਦਾ’ ਗੀਤ ਮਿੰਟਾਂ-ਸਕਿੰਟਾਂ ਵਿੱਚ ਰਿਕਾਰਡ ਹੋਏ। ਇਨ੍ਹਾਂ ਦੋ ਗੀਤਾਂ ’ਤੇ ਘੱਟ ਮਿਹਨਤੀ ਕੀਤੀ ਜਾਂ ਸਮਝੋ ਮਿਹਨਤ ਕਰਨੀ ਹੀ ਨਹੀਂ ਪਈ।
ਬਸ ਮਿੰਟਾਂ ਵਿੱਚ ਹੀ ਅਤੁਲ ਸ਼ਰਮਾ ਦੇ ਸਾਜ਼ਿੰਦਿਆਂ ਲਵਲੀ, ਬਿੰਟਾ, ਜੋਗੀ, ਹਰਪਾਲ, ਉਜਾਗਰ ਨੇ ਸਾਜ਼ ਵਜਾਏ ਅਤੇ ਉਧਰ ਮਾਈਕ ’ਤੇ ਬਿੰਦਰੱਖੀਏ ਨੇ ਖਿੱਚ ਕੇ ਗਾਇਆ। ਮਸੀਂ 25 ਕੁ ਮਿੰਟਾਂ ਵਿੱਚ ਗੀਤ ਡੱਬ ਹੋ ਗਿਆ। ਸਭ ਨੂੰ ਪਤਾ ਹੀ ਹੈ ਕਿ ਇਹ ਗੀਤ ਫੇਰ ਪੰਜਾਬੀ ਗਾਇਕੀ ’ਚ ਵੱਡਾ ਮੀਲ ਪੱਥਰ ਸਾਬਤ ਹੋਏ। ਏਸੇ ਤਰ੍ਹਾਂ ਜਰਨੈਲ ਘੁਮਾਣ ਦੇ ਸੁਰ ਸੰਗਮ ਸਟੂਡਿਓ ਵਿੱਚ ‘ਤੇਰਾ ਯਾਰ ਬੋਲਦਾ’ ਗੀਤ ਮਸੀਂ 25-30 ਮਿੰਟਾਂ ਵਿੱਚ ਬਿੰਦਰੱਖੀਏ ਨੇ ਗਾ ਕੇ ਇਤਿਹਾਸ ਸਿਰਜ ਦਿੱਤਾ। ਇਸ ਗੀਤ ਦਾ ਡੰਮੀ ਸੰਗੀਤ ਤੇ ਆਵਾਜ਼ ਅਤੁਲ ਸ਼ਰਮਾ ਤੇ ਮੈਂ ਪਹਿਲਾਂ ਹੀ ਤਿਆਰ ਕਰ ਚੁੱਕੇ ਸੀ।
ਜੀਹਦੇ ਹੇਠ ਘੋਡ਼ਾ ਮੋਢੇ ’ਤੇ ਦੁਨਾਲੀ ਨੀਂ,
ਪੱਗ ਬੰਨ੍ਹਦਾ ਜਿਊਣੇ ਮੌਡ਼ ਵਾਲੇ ਨੀਂ,

…ਤੇਰੇ ’ਚ ਤੇਰਾ ਯਾਰ ਬੋਲਦਾ।
ਕਿਹਡ਼ੀ ਕਿਹਡ਼ੀ ਗੱਲ ਸਾਂਝੀ ਕਰਾਂ। ਸੰਨ੍ਹ 1996 ਵਿੱਚ ਅਸੀਂ ਕੈਨੇਡਾ ਦੇ 8 ਸ਼ਹਿਰਾਂ, ਅਮਰੀਕਾ ਦੇ 8 ਸ਼ਹਿਰਾਂ ਅਤੇ ਇੰਗਲੈਂਡ ਦੇ 4 ਸ਼ਹਿਰਾਂ ’ਚ ਸਟੇਜ ਸ਼ੋਅ ਕੀਤੇ। ਇੱਕ ਸ਼ਹਿਰ ਜਾਂ ਲਾਂਸ ਏਂਜਲਸ ਸੀ ਜਾਂ ਨਿਊਯਾਰਕ.. ਜਦੋਂ ਹੋਟਲ ਪਹੁੰਚੇ ਤਾਂ ਬਿੰਦਰੱਖੀਏ ਦੇ ਪੱਗ ਨਹੀਂ ਸੀ ਬੰਨ੍ਹੀ ਹੋਈ। ਰਿਸਪੈਸ਼ਨ ’ਤੇ ਚੈਕ ਕਰ ਰਹੇ ਗੁਜਰਾਤੀ ਪ੍ਰਮੋਟਰਾਂ ਨੇ ਮਨਿੰਦਰ ਗਿੱਲ ਨੂੰ ਕਿਹਾ ਕਿ ਐਡਵਾਂਸ ਰਕਮ ਤਦ ਦਿਆਂਗਾ ਪਹਿਲਾਂ ‘ਦਪੁੱਟੇ’ ਵਾਲਾ ਸਿੰਗਰ ਦਿਖਾਓ ਕਿਹਡ਼ਾ ਹੈ। ਕਮਰੇ ’ਚ ਬੈਠਿਆ ਨੂੰ ਮਨਿੰਦਰ ਦਾ ਫੋਨ ਆਇਆ, ‘‘ਸੰਧੂ, ਯਾਰ ਬਿੰਦਰੱਖੀਏ ਦੇ ਸਿਰ ’ਤੇ ਆਵਦੇ ਮਾਵੇ ਵਾਲੀ ਪੱਗ ਰੱਖ ਕੇ ਇੱਕ ਮਿੰਟ ਲਈ ਹੇਠਾਂ ਆਇਓ। ਪੱਗ ’ਚ ਬਿੰਦਰਖੀਏ ਨੂੰ ਦੇਖ ਕੇ ਗੁਜਰਾਤੀ ਪ੍ਰਮੋਟਰਾਂ ਨੇ ਝੱਟ ਦੇਣੇ ਮਨਿੰਦਰ ਨੂੰ ਪੇਮੈਂਟ ਦੇ ਦਿੱਤੀ। ਉਦੋਂ ਸਾਰੇ ਥਈਂ ‘ਦਪੁੱਟਾ ਸੱਤ ਰੰਗ ਦਾ’ ਦੀ ਧੁੰਮ ਸੀ। ਏਥੋਂ ਤਕ ਕਿ ਇੰਗਲੈਂਡ ਦੇ ਪ੍ਰਮੋਟਰਾਂ ਨੇ ਤਾਂ ‘ਵਿਸਾਖੀ ਮੇਲਾ’ ਟਾਈਟਲ ਵਾਲੇ ਪੋਸਟਰਾਂ ’ਤੇ ਉÎੱਪਰ ਮੋਟਾ ਕਰ ਕੇ ਲਿਖਵਾਇਆ ਹੋਇਆ ਸੀ, ‘ਦਪੁੱਟਾ ਤੇਰਾ ਸੱਤ ਰੰਗ ਦਾ ਵਾਲਾ ਬਿੰਦਰੱਖੀਆ ਪਹਿਲੀ ਵਾਰ ਇੰਗਲੈਂਡ ’ਚ’।
ਪਹਿਲੀ ਬਰਸੀ ਤੋਂ ਲੈ ਕੇ ਹੁਣ ਤਕ ਇਹ ਗੱਲ ਚੱਲਦੀ ਹੈ ਕਿ ਸੁਰਜੀਤ ਬਿੰਦਰੱਖੀਏ ਦੀ ਯਾਦਗਾਰ ਕਾਇਮ ਕੀਤੀ ਜਾਵੇ। ਪਹਿਲੇ ਭੋਗ ਸਮੇਂ ਹੋਏ ਐਲਾਨਾਂ ਦੀ ਹਰ ਵਾਰ ਖੱਟੀ-ਮਿੱਠੀ ਚਰਚਾ ਕੀਤੀ ਜਾਂਦੀ ਹੈ ਪਰ ਮੈਂ ਅਕਸਰ ਚੁੱਪ ਹੀ ਰਿਹਾਂ। ਮੇਰੇ ਅੰਦਰੇ-ਅੰਦਰ ਇਹ ਫ਼ੈਸਲਾ ਸੀ ਕਿ ਬਿੰਦਰੱਖੀਏ ਦੀ ਇੱਕ ਸ਼ਾਨਦਾਰ ਯਾਦਗਾਰ ਇੱਕ ਇਹ ਕਾਇਮ ਕੀਤੀ ਜਾਵੇ ਕਿ ਉਹਦੇ ਬੇਟੇ ਗੀਤਾਜ਼ ਨੂੰ ਗਾਇਕੀ ਦੇ ਰਾਹ ਤੋਰਿਆ ਜਾਵੇ। ਬਸ, ਜਿੱਥੋਂ ਕਿਤੇ ਗੀਤਾਜ਼ ਬਿੰਦਰੱਖੀਆ ਲੰਘੇ ਜਾਂ ਸਟੇਜਾਂ ’ਤੇ ਚਡ਼੍ਹੇ, ਲੋਕ ਇਹੋ ਆਖਣ, ‘‘ਬਈ ਇਹ ਆਹ ਬਿੰਦਰੱਖੀਏ ਦਾ ਮੁੰਡਾ।’’ ਮੇਰੀ ਇਸ ਮੰਝ ਨੂੰ ਕਿਸੇ ਹੱਦ ਤਕ ਫਲ-ਫੁੱਲ ਲੱਗ ਗਏ ਨੇ ਅਤੇ ‘ਜਿੰਦ ਮਾਹੀ’ ਐਲਬਮ ਨਾਲ ਗੀਤਾਜ਼ ਬਿੰਦਰੱਖੀਏ ਦੀ ਸੋਹਣੀ ਹਾਜ਼ਰੀ ਲੱਗ ਗਈ ਹੈ। ਪਹਿਲਾਂ ਮੈਂ ਕਹਿੰਦਾ ਹੁੰਦਾ ਸੀ:
ਕੋਈ ਗਾਇਕ, ਕਿਸੇ ਗੀਤਕਾਰ ਨਾਲ ਆਖ਼ਰੀ ਸਾਹਾਂ ਤਕ ਯਾਰੀ ਨਿਭਾਅ ਗਿਆ…। ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਸ਼ਾਇਦ ਸਾਡੀ ਦੋਵਾਂ ਦੀ ਹੀ ਇੱਕੋ ਇੱਕ ਮਿਸਾਲ ਹੈ ਹੁਣ ਤਕ।
ਗੱਲਾਂ ਨਹੀਂ ਮੁੱਕਦੀਆਂ। ਗੱਲ ਤਾਂ ਅਜੇ ਸ਼ੁਰੂ ਹੋਈ ਹੈ ਮੇਰੇ ਵੱਲੋਂ ਬਿੰਦਰੱਖੀਏ ਬਾਰੇ ਲਿਖਣ ਦੀ। ਲੇਖ ਲੰਮਾ ਨਾ ਹੋ ਜਾਏ, ਉਸ ਇੱਕ ਗੀਤ ਨਾਲ ਹਾਲ ਦੀ ਘਡ਼ੀ ਗੱਲ ਮੁਕਾ ਲੈਂਦੇ ਹਾਂ ਜੋ ਗੀਤਾਜ਼ ਦਾ ਪਹਿਲਾ ਗੀਤ ਸੀ, ਇੱਕ ਮਿੱਠੀ ਯਾਦ:
ਪੈਂਦੇ ਮੇਲੇ ’ਚ ਭੁਲੇਖੇ ਤੇਰੀ ਪੱਗ ਦੇ
ਤੇਰੇ ਬਾਝੋਂ ਬਿੰਦਰੱਖੀਆ
ਸਾਨੂੰ ਮੇਲੇ ਨਾ ਭੋਰਾ ਵੀ ਚੰਗੇ ਲੱਗਦੇ
ਤੇਰੇ ਬਾਝੋਂ ਬਿੰਦਰੱਖੀਆ
ਮੇਲਿਆਂ ਦੀ ਆਨ ਸੀ ਤੂੰ ਮੇਲਿਆਂ ਦੀ ਸ਼ਾਨ ਸੀ
ਤੇਰੇ ਨਾਲ ਹੀ ਤਾਂ ਸਾਡਾ ਵੱਸਦਾ ਜਹਾਨ ਸੀ
ਤੇਰੇ ਨਾਉਂ ’ਤੇ ਮੇਲੇ ਥਾਂ-ਥਾਂ ਹੁਣ ਲੱਗਦੇ
ਤੇਰੇ ਬਾਝੋਂ…।
ਚੈਨਲਾਂ ਵਾਲੇ ਵੀ ਹੁਣ ਗੀਤ ਤੇਰੇ ਲਾਉਂਦੇ ਨੇ
ਡੀਜਿਆਂ ਵਾਲੇ ਵੀ ਨਿੱਤ ਲੋਕਾਂ ਨੂੰ ਨਚਾਉਂਦੇ ਨੇ
ਤੇਰੇ ਬੋਲ ਨੇ ਕੰਨਾਂ ’ਚ ਓਵੇਂ ਗੱਜਦੇ
ਤੇਰੇ ਬਾਝੋਂ…।
ਸੰਧੂ ਕਹਿੰਦਾ ਮੇਰੀ ਤਾਂ ਹੈ ਸੱਜੀ ਬਾਂਹ ਟੁੱਟ ਗਈ
ਐਸੀ ਨੇਰ੍ਹੀ ਵਗੀ ਰੁੱਖਾਂਜਡ਼੍ਹਾਂ ਤੋਂ ਹੀ ਪੁੱਟ ਗਈ
ਭਾਣੇ ਮੰਨਣੇ ਪੈਂਦੇ ਨੇ ਲੋਕੋ ਰੱਬ ਦੇ
ਤੇਰੇ ਬਾਝੋਂ…।
ਮਾਂ ਦੀਆਂ ਦੁਆਵਾਂ ਅਤੇ ਭੈਣ ਦੇ ਪਿਆਰ ਨਾਲ
ਤੇਰੇ ਚਾਹੁਣ ਵਾਲਿਆਂ ਦੇ ਮਾਣ ਸਤਿਕਾਰ ਨਾਲ
‘ਤਾਜ਼’ ਰੱਖੂਗਾ ਹਮੇਸ਼ਾਂ ਦੀਵੇ ਜੱਗਦੇ
ਤੇਰੇ ਬਾਝੋਂ ਬਿੰਦਰੱਖੀਆ
ਸਾਨੂੰ ਮੇਲੇ ਨਾ ਭੋਰਾ ਵੀ ਚੰਗੇ ਲੱਗਦੇ।

(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)                                                    -ਸ਼ਮਸ਼ੇਰ ਸੰਧੂ
                                                                                         * ਮੋਬਾਈਲ:98763-12860