Friday, December 10, 2021

ਮਾਵੀ ਸਿੰਘ ਦੇ ਨਵੇਂ ਗਾਣਿਆ ਦੀ ਸ਼ੂਟਿੰਗ ਦਾ ਕੰਮ ਜ਼ੋਰਾਂ ਤੇ

10th December 2021 at 6:59 PM

ਇਕ ਗਾਣੇ ਦੀ ਸ਼ੂਟਿੰਗ ਝੰਬਾਲਾ ਪਿੰਡ ਵਿਖੇ ਕੀਤੀ ਗਈ

ਗਾਣੇ ਦੀ ਸ਼ੂਟਿੰਗ ਦੌਰਾਨ ਸਟਾਰ ਕਾਸਟ ਟੀਮ ਦੇ ਮੈਬਰ 

ਮੋਹਾਲੀ: 10 ਦਸੰਬਰ 2021(ਗੂਰਜੀਤ ਬਿੱਲਾ//ਸੁਰ ਸਕਰੀਨ)::

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗਾਇਕ,ਗੀਤਕਾਰ ਸੰਗੀਤਕਾਰ ਵਜੋ ਜਾਣੇ ਜਾਂਦੇ ਅਤੇ ਇੰਸਟਾਗ੍ਰਾਮ ਤੇ ਆਪਣੇ ਡਾਇਲਾਗ ਲਈ ਅਦਾਕਾਰ ਮਸ਼ਹੂਰ ਮਾਵੀ ਸਿੰਘ ਦੇ ਨਵੇਂ ਗਾਣਿਆਂ ਦੀ ਸ਼ੂਟਿੰਗ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। 

ਇਸ ਸੰਬੰਧੀ ਜਾਣਕਾਰੀ ਦਿੰਦਿਆ ਮਾਵੀ ਸਿੰਘ ਦੇ ਮੈਨੇਜਰ ਅਵਤਾਰ ਸਿੰਘ ਨੇ ਦੱਸਿਆ ਕਿ ਮਾਵੀ ਸਿੰਘ ਬੈਨਰ ਤੇ ਰਿਲੀਜ਼ ਹੋਣ ਵਾਲੇ ਪੰਜਾਬੀ ਗਾਣਿਆਂ ਦੀ ਸ਼ੂਟਿੰਗ ਦਾ ਕੰਮ ਪੰਜਾਬ ਦੇ ਵੱਖ ਵੱਖ ਥਾਵਾਂ,ਦੂਸਰੇ ਰਾਜਾਂ ਅਤੇ ਕੁਝ ਗਾਣਿਆਂ ਦੀ ਸ਼ੂਟਿੰਗ ਵਿਦੇਸ਼ਾਂ ਵਿੱਚ ਵੀ ਕੀਤੀ ਜਾਵੇਗੀ।  ਉਨਾਂ ਦੱਸਿਆ ਇਸੇ ਪ੍ਰਾਜੈਕਟ ਤਹਿਤ ਇਕ ਗਾਣੇ ਦੀ ਸ਼ੂਟਿੰਗ ਝੰਬਾਲਾ ਪਿੰਡ ਵਿਖੇ ਕੀਤੀ ਗਈ ਜੋ ਕਿ ਗਾਇਕ ਬਾਜ ਸਿੰਘ ਦਾ ਆਪਣਾ ਪਲੇਠਾ ਗਾਣਾ ਹੈ। ਇਸ ਗੀਤ ਦੇ ਬੋਲ ਮਾਵੀ ਸਿੰਘ ਦੀ ਕਲਮ ਤੋਂ ਉਪਜੇ ਹਨ ਅਤੇ ਮਾਵੀ ਸਿੰਘ ਵਲੋ ਹੀ ਗਾਣੇ ਨੂੰ  ਸੰਗੀਤ ਚ ਪਰੋਇਆ ਗਿਆ ਹੈ। 

ਇਹ ਗਾਣਾ ਡਾਇਰੈਕਟਰ ਆਰ ਦੀਪ ਵਲੋ  ਡਾਇਰੈਕਟ ਕੀਤਾ ਗਿਆ ਹੈ ਜਦਕਿ ਗਾਣੇ ਵਿੱਚ ਪ੍ਰਮੁੱਖ ਮਾਡਲ ਦੀ ਭੂਮਿਕਾ ਦੇ ਵਿੱਚ ਬਾਜ਼ ਸਿੰਘ,ਮਾਡਲ ਪ੍ਰੀਤੀ ਅਰੋੜਾ ਅਤੇ ਮਾਡਲ ਤਿਲਕ ਰਾਜ ਨੇ ਬਾਖ਼ੂਬੀ ਨਿਭਾਇਆ ਹੈ। ਇਸ ਗਾਣੇ ਦੀ ਡੀਓਪੀ ਦੀ ਭੂਮਿਕਾ ਹਰਿੰਦਰ ਸਿੰਘ ਵਲੋ ਅਤੇ ਮੇਕਅੱਪ ਆਰਟਿਸਟ ਕੋਮਲ ਬਜਾਜ ਨੇ ਨਿਭਾਈ ਹੈ। 

ਉਨ੍ਹਾਂ ਦਸਿਆ ਕਿ ਜਲਦ ਹੀ ਇਹ ਗਾਣੇ ਮਾਵੀ ਸਿੰਘ ਦੇ ਆਪਣੇ ਯੂਟਿਊਬ ਚੈਨਲ 'ਮਾਵੀ ਸਿੰਘ 'ਅਤੇ ਦੂਸਰੇ ਚੈਨਲਾਂ ਤੇ ਰਿਲੀਜ਼ ਕੀਤੇ ਜਾਣਗੇ। 

Wednesday, December 1, 2021

ਜੋਗੀ ਅੱਲ੍ਹਾ ਯਾਰ ਖਾਂ ਦੀ ਰਚਨਾ ਸ਼ਹੀਦਾਨਿ ਵਫ਼ਾ ਦਾ ਸੰਗੀਤਕ ਰੂਪ

1st December 2021 at 09:07 AM 

ਸੰਗੀਤਕ ਆਡੀਓ ਵੀਡਿਓ ਤੇ ਪੁਸਤਕ 3 ਦਸੰਬਰ ਨੂੰ ਹੋਵੇਗੀ ਸੰਗਤ ਅਰਪਨ 

ਲੁਧਿਆਣਾ: 1 ਦਸੰਬਰ 2021: (ਸੁਰ ਸੰਗੀਤ ਬਿਊਰੋ):.

ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਮੁਸਲਮਾਨ ਸ਼ਾਇਰ ਜੋਗੀ ਅੱਲ੍ਹਾ ਯਾਰ ਖਾਂ  ਦੀ ਰਚਨਾ ਸ਼ਹੀਦਾਨੇ ਵਫ਼ਾ  ਦੇ  ਕਲਾਮ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ  ਸਾਬਕਾ ਡੀਨ ਤੇ ਗੁਰਮਤਿ ਸੰਗੀਤ ਦੇ ਗੂੜ੍ਹ ਗਿਆਨੀ ਡਾਃ ਗੁਰਨਾਮ ਸਿੰਘ ਨੇ ਗਾ ਕੇ ਬਹੁਤ ਮਹੱਤਵ ਪੂਰਨ ਕਾਰਜ ਕੀਤਾ ਹੈ। ਇਸ ਨੂੰ ਸੰਗਤ ਅਰਪਨ 3 ਦਸੰਬਰ ਨੂੰ ਮਾਤਾ ਗੁਜਰੀ ਕਾਲਿਜ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰਨਗੇ। 

ਉਨੀਵੀਂ ਤੇ ਵੀਹਵੀਂ ਸਦੀ ਵਿੱਚ ਮਕਬੂਲ ਹੋਏ ਲੋਕ ਸ਼ਾਇਰ ਜੋਗੀ ਅੱਲਾ ਯਾਰ ਖਾਂ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪ੍ਰਸੰਗ ਨੂੰ ਆਪਣੀ ਉਰਦੂ ਸ਼ਾਇਰੀ ਦੀ ਪੁਸਤਕ ‘ਗੰਜਿ ਸ਼ਹੀਦਾਂ ਵਿੱਚ ਅੰਕਿਤ ਕੀਤਾ ਅਤੇ ‘ਸ਼ਹੀਦਾਨੇ ਵਫਾ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੋਗਮਈ ਬਿਆਨ ਕੀਤਾ ਹੈ। ਉਸ ਨੇ ਚਮਕੌਰ ਦੀ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕਰਬਲਾ ਦੀ ਜੰਗ ਨਾਲ ਤੁਲਨਾਇਆ। 

ਜੋਗੀ ਅੱਲ੍ਹਾ ਯਾਰ ਖਾਂ ਆਪਣੇ ਜੀਵਨ ਕਾਲ ਵਿੱਚ ਆਪਣੀ ਇਸ ਸ਼ਾਇਰੀ ਨੂੰ ਸੁਰੀਲੇ ਤੇ ਸੋਜ਼ ਭਰੇ ਅੰਦਾਜ਼ ਵਿੱਚ ਗਾਉਂਦਾ, ਸੁਣਾਉਂਦਾ ਤੇ ਸਾਲ ਦਰ ਸਾਲ ਲਿਖਦਾ ਰਿਹਾ। ਪੰਥਕ ਸਫਾਂ ਵਿੱਚ ਪਰਚੱਲਿਤ ਤੇ ਪਰਵਾਣਿਤ ਰਚਨਾ ਹੋਣ ਕਰਕੇ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (1988) ਅਤੇ ਭਾਸ਼ਾ ਵਿਭਾਗ ਪੰਜਾਬ (1998) ਨੇ ਜੋਗੀ ਅੱਲਾ ਯਾਰ ਖਾਂ ਦੀਆਂ ਇਨ੍ਹਾਂ ਦੋਵੇਂ ਦੁਰਲਭ ਕਾਵਿ ਪੁਸਤਕਾਂ ਨੂੰ ਵਿਸ਼ੇਸ਼ ਰੂਪ ਵਿੱਚ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ਕੀਤਾ ਹੈ।

ਜੋਗੀ ਅੱਲਾ ਯਾਰ ਖਾਂ ਦੀ ਪੁਸਤਕ ‘ਸ਼ਹੀਦਾਨਿ ਵਫ਼ਾ' ਇੱਕ ਵਡਮੁੱਲਾ ਇਤਿਹਾਸਕ ਸਰੋਤ ਹੋਣ ਦੇ ਨਾਲ-ਨਾਲ ਸ਼ਾਇਰ ਨੂੰ ਕੱਟੜਪੰਥੀ ਮੁਸਲਮਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।

ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਪ੍ਰਸਿੱਧ ਕੀਰਤਨੀਏ ਤੇ ਸੰਗੀਤ ਵਿਦਵਾਨ ਡਾ. ਗੁਰਨਾਮ ਸਿੰਘ ਨੇ ਪਿਛਲੇ ਕੁਝ ਵਰੇ ਲਗਾ ਕੇ ਇਸ ਕਾਵਿਮਈ ਰਚਨਾ ਨੂੰ ਸੰਗੀਤਬੱਧ ਕੀਤਾ ਅਤੇ ਵਡੇਰੀ ਲੰਮੇਰੀ ਰਚਨਾ ਨੂੰ ਬਹੁਤ ਹੀ ਸੋਜ਼ ਭਰਪੂਰ ਅੰਦਾਜ਼ ਵਿੱਚ ਗਾਇਆ ਹੈ।

‘ਸ਼ਹੀਦਾਨਿ ਵਫ਼ਾ' ਦੇ ਇਸ ਗਾਇਨ ਪ੍ਰੋਜੈਕਟ ਦੇ ਵਿਸ਼ੇਸ਼ ਮਹੱਤਵ ਨੂੰ ਵੇਖਦਿਆਂ ਐਜੂਕੇਸ਼ਨ ਐਂਡ ਅਵੇਅਰਨੈੱਸ ਕੌਂਸਲ ਯੂ. ਐੱਸ. ਏ. ਵਲੋਂ ਅਸੀਂ ਸਾਰਿਆਂ ਨੇ ਇਸ ਨੂੰ ਸਮੁੱਚੇ ਵਿਸ਼ਵ ਵਿੱਚ ਪ੍ਰਚਾਰਨ ਲਈ ਯਤਨ ਅਰੰਭੇ ਹਨ। ਹੁਣ ਅਸੀਂ ਇਸ ਸ਼ਾਹਕਾਰ ਰਚਨਾ ਨੂੰ ਗਾਇਨ ਉੱਤੇ ਅਧਾਰਿਤ ਆਡੀਓ, ਵੀਡੀਓ ਦੇ ਨਾਲ ਨਾਲ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾ ਵਿੱਚ ਚਿੱਤਰਾਂ ਸਹਿਤ ਪੁਸਤਕ ਰੂਪ ਵਿੱਚ ਵੀ ਪ੍ਰਕਾਸ਼ਿਤ ਕਰਨ ਦਾ ਮਾਣ ਲੈ ਰਹੇ ਹਾਂ। ਇਸ ਪ੍ਰੋਜੈਕਟ  ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਬਹੁਤ ਸਾਰੇ ਮਿੱਤਰ ਪਿਆਰੇ ਸਾਡਾ ਸਾਥ ਦੇ ਰਹੇ ਹਨ। ਇਸ ਕਾਵਿ ਰਚਨਾ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ, ਸੁਧਾਈ, ਮਿਲਾਨ, ਆਦਿ ਕਾਰਜਾਂ ਵਿੱਚ ਡਾ. ਅੰਮ੍ਰਿਤਪਾਲ ਕੌਰ, ਪ੍ਰੋ. ਮੁਹੰਮਦ ਜਮੀਲ, ਸ੍ਰੀ ਪਰਵੇਸ਼ ਸ਼ਰਮਾ, ਡਾ. ਬਚਿੱਤਰ ਸਿੰਘ, ਡਾ. ਕੋਮਲ ਚੁੱਘ, ਡਾ. ਮੁਹੰਮਦ ਇਰਫ਼ਾਨ ਮਲਿਕ, ਅੰਕੁਰ ਰਾਣਾ ਅਤੇ ਡਾ. ਗੁਰਦੇਵ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਪੁਸਤਕ ਦੇ ਚਿੱਤਰ ਪ੍ਰਸਿੱਧ ਚਿੱਤਰਕਾਰ ਸ. ਹਰਪ੍ਰੀਤ ਸਿੰਘ ਨਾਜ਼ ਨੇ ਤਿਆਰ ਕੀਤੇ ਹਨ। ਵੀਡੀਓ ਦੇ ਕਾਰਜਾਂ ਵਿੱਚ ਇੰਜ. ਮਨਪ੍ਰੀਤ ਸਿੰਘ ਬੂਝੈਲ, ਡਾ. ਗੁਰਦੇਵ ਸਿੰਘ ਤੇ ਸ੍ਰੀ ਚੰਦਨ ਦ੍ਰਵਿੜ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਕੂਮੈਂਟਰੀ ਲਈ ਸ੍ਰੀ ਤੇਜਿੰਦਰ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਆਵਾਜ਼ ਦਿੱਤੀ ਹੈ। ਇਸ ਸੰਗੀਤ ਪ੍ਰੋਜੈਕਟ ਦਾ ਸੰਗੀਤ ਪ੍ਰਬੰਧ  ਪ੍ਰਸਿਧ ਸੰਗੀਤ ਨਿਰਦੇਸ਼ਕ ਹਰਜੀਤ ਗੁੱਡੂ ਦੁਆਰਾ ਕੀਤਾ ਗਿਆ ਹੈ।

ਜਸਬੀਰ ਸਿੰਘ ਜਵੱਦੀ ਤੇ ਜਗਜੀਤ ਸਿੰਘ ਪੰਜੋਲੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਜੋਗੀ ਅੱਲਾ ਯਾਰ ਖਾਂ ਮੈਮੋਰੀਅਲ ਟ੍ਰਸਟ ਅਤੇ ਐਜੂਕੈਸ਼ਨ ਅਵੇਰਨੈਂਸ ਕੌਂਸਲ ਯੂ. ਐੱਸ. ਏ. ਵਲੋਂ ਸਾਂਝੇ ਰੂਪ ਵਿੱਚ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਮਿਤੀ 3 ਦਸੰਬਰ ਨੂੰ ‘ਸ਼ਹੀਦਾਨਿ ਵਫ਼ਾ ਦੇ ਇਸ ਸੰਗੀਤਮਈ ਆਡੀਓ ਵੀਡਿਓ ਤੇ ਪੁਸਤਕ ਪ੍ਰਕਾਸ਼ਨਾ ਦਾ ਸੰਗਤ ਅਰਪਣ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਰਨਗੇ। 

ਇਸ ਸਮਾਗਮ ਵਿੱਚ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਪ੍ਰੋਃ ਗੁਰਭਜਨ ਸਿੰਘ ਗਿੱਲ, ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ, ਪ੍ਰਿੰ. ਡਾ. ਕਸ਼ਮੀਰ ਸਿੰਘ, ਮਾਤਾ ਗੁਜਰੀ ਕਾਲਜ, ਸ੍ਰੀ ਫਤਿਹਗੜ ਸਾਹਿਬ, ਹੈੱਡ ਗ੍ਰੰਥੀ, ਗਿਆਨੀ ਹਰਪਾਲ ਸਿੰਘ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਸਕੱਤਰ ਸ. ਸਿਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ, ਸ. ਕਰਨੈਲ ਸਿੰਘ ਪੰਜੋਲੀ, ਸਕੱਤਰ ਐਸ. ਜੀ. ਪੀ. ਸ੍ਰੀ ਅੰਮ੍ਰਿਤਸਰ ਆਦਿ ਵਿਦਵਾਨ ਪਹੁੰਚ ਰਹੇ ਹਨ। ਇਸ ਕਾਰਜ ਦੀ ਸੰਪੂਰਨਤਾ ਵਿੱਚ ਗੁਰਜੀਤ ਸਿੰਘ ਸੰਮੇਵਾਲੀ ਅਤੇ ਸ. ਹਰਭਜਨ ਸਿੰਘ ਅਮਰੀਕਾ (ਗਲੋਬਲ ਪੰਜਾਬ ਟੀ. ਵੀ.) ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

Monday, November 29, 2021

ਅਰੁਣ ਭਾਟੀਆ ਦਾ ਪਹਿਲਾ ਟਰੈਕ ‘ਪਿਆਰ ਹੋਇਆ’ ਲੋਕ ਅਰਪਣ

ਮੋਹਾਲੀ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤਾ ਆਪਣਾ ਪਹਿਲਾ ਗੀਤ 


ਮੋਹਾਲੀ
: 29 ਨਵੰਬਰ 2021: (ਗੁਰਜੀਤ ਬਿੱਲਾ//ਸੰਗੀਤ ਸਕਰੀਨ) ::

ਪੰਜਾਬ ਨੇ ਬਹੁਤ ਕੁਝ ਦੇਖਿਆ, ਬਹੁਤ ਦੁੱਖ ਵੀ  ਹੰਢਾਏ ਪਰ ਫਿਰ ਵੀ ਸਹਿਤੀ, ਸੱਭਿਆਚਾਰ ਅਤੇ ਕਲਾ ਨੂੰ ਵਿਸਰਨ ਨਹੀਂ ਦਿੱਤਾ। ਸਿਆਸੀ ਤੇਜ਼ੀਆਂ ਦੇ ਨਾਲ ਨਾਲ ਹੁਣ ਇੱਕ ਵਾਰ ਫਿਰ ਗੀਤ-ਸੰਗੀਤ, ਕਲਾ ਅਤੇ ਸਾਹਿਤ ਦੇ ਖੇਤਰਾਂ ਦੀਆਂ ਸਰਗਰਮੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਨਵੀਂ ਖਬਰ ਮਿਲੀ ਹੈ ਮੋਹਾਲੀ ਪ੍ਰੈਸ ਕਲੱਬ ਤੋਂ। 

ਪੰਜਾਬ ਸਭਿਆਚਾਰ ਦੇ ਅਨਮੋਲ ਮਣਕਿਆਂ ਦੀ ਲੜੀ ਵਿੱਚ ਇਕ ਹੋਰ ਨਵੇਂ ਮਣਕੇ ਨੂੰ ਜੋੜਦੇ ਹੋਏ ਉੱਘੇ ਸੰਗੀਤਕਾਰ ਦਾ ਮਿਊਜ਼ਿਕ ਪਲੇਅ ਅਤੇ ਬਲਦੇਵ ਕਾਕੜੀ ਵੱਲੋਂ ਗਾਇਕ ਅਰੁਣ ਭਾਟੀਆ ਦਾ ਪਲੇਠਾ ਟਰੈਕ ‘ ਪਿਆਰ ਹੋਇਆ ’  ਮੋਹਾਲੀ ਪ੍ਰੈਸ ਕਲੱਬ ਵਿੱਚ ਲੋਕ ਅਰਪਣ ਕੀਤਾ ਗਿਆ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਕੜੀ ਨੇ ਦੱਸਿਆ ਕਿ ਅਰੁਣ ਭਾਟੀਆ ਉੱਨਾਂ ਕੋਲ ਸੰਗੀਤ ਦੀਆਂ ਬਰੀਕੀਆਂ ਤੋਂ ਕੋਰਾ ਪਰ ਅਪਣੇ ਸ਼ੌਕ ਅਤੇ ਲਗਨ ਨੂੰ ਨਾਲ ਲੈਕੇ ਮਿਲਿਆ ਸੀ। ਉਨਾਂ ਕੋਲੋਂ ਲਗਨ ਅਤੇ ਮਿਹਨਤ ਨਾਲ ਸੰਗੀਤ ਦੀ ਵਿਦਿਆ ਪ੍ਰਾਪਤ ਕੀਤੀ। ਅਜ ਉਸ ਨੇ ਪਲੇਠਾ ਟਰੈਕ 'ਪਿਆਰ ਹੋਇਆ’ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ। ਗੀਤ ਦੇ ਬੋਲ ਮਿਸਟਰ ਹੈਰੀ ਨੇ ਲਿਖੇ ਅਤੇ ਇਸ ਦਾ ਸੰਗੀਤ ਕਾਕੜੀ ਦੇ ਸ਼ਗਿਰਦ ਮਿਸਟਰ ਯਾਦੀ ਨੇ ਦਿਤਾ ਹੈ। 

ਇਸ ਦਾ ਵੀਡੀਓ ਮਨਾਲੀ ਦੀਆਂ ਹਸੀਨ ਵਾਦੀਆਂ ਵਿੱਚ ਮਨਜਿੰਦਰ ਬੁਟਰ ਵੱਲੋਂ ਅਪਣੇ ਕੈਮਰੇ ਵਿੱਚ ਕੈਦ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ  ਅਰੁਣ ਭਾਟੀਆ ਨੇ ਕਿਹਾ ਕਿ ਉਹ ਕਾਲਜ ਵਿੱਚ ਬੀ ਟੈਕ ਦੀ ਡਿਗਰੀ ਹਾਸਲ ਕਰ ਰਿਹਾ ਸੀ। ਭਾਵੇਂ ਉਨਾਂ ਦਾ ਪਿਛੋਕੜ ਸੰਗੀਤ ਪੱਖੋਂ ਕਾਫੀ ਕੋਰਾ ਹੈ ਪਰ ਉਸ ਨੂੰ ਸੰਗੀਤ ਦਾ  ਸ਼ੌਕ ਸੀ। ਉਨਾਂ ਦੀ ਮੁਲਾਕਾਤ ਇਕ ਦੋਸਤ ਨੇ ਗਾਇਕ ਤੇ ਸੰਗੀਤ ਦੀਆਂ ਧੁਨਾਂ ਦੇ ਮਾਹਿਰ ਬਲਦੇਵ ਕਾਕੜੀ ਨਾਲ ਕਰਵਾਈ ਜਿਨਾਂ ਮੇਰਾ ਸ਼ੌਕ ਅਤੇ ਮਿਹਨਤ ਨੂੰ ਵੇਖਦੇ ਹੋਏ ਮੈਨੂੰ ਸੰਗੀਤ ਦੀ ਵਿਦਿਆ ਪ੍ਰਦਾਨ ਕੀਤੀ। 

ਉਨਾਂ ਦੀ ਮਿਹਨਤ ਨਾਲ ਅਜ ਮੈ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਵਿੱਚ ਅਪਣਾ ਪਹਿਲਾ ਟਰੈਕ ਜੋੜ ਰਿਹਾ ਹਾਂ। ਉਨਾਂ ਉਮੀਦ ਪ੍ਰਗਟਾਈ ਕਿ  ਸਰੋਤੇ ਉਨਾਂ ਦਾ ਪਿਆਰ ਸਵੀਕਾਰ ਕਰਕੇ ਮਣਾਂ ਮਣਾ ਪਿਆਰ ਦੇਣਗੇ, ਮੈਂ ਸਰੋਤਿਆਂ ਨੂੰ ਵਿਸ਼ਾਵਾਸ ਦਿਵਾਉਂਦਾ ਕਿ ਪੰਜਾਬੀ ਸਭਿਆਚਾਰ ਵਿੱਚ ਰਹਿੰਦੇ ਲੱਚਰਤਾ ਤੋਂ ਦੂਰ ਰਹਾਂਗਾ। ਗੀਤ-ਸੰਗੀਤ ਅਤੇ ਕਲਾ ਦੀਆਂ ਸਰਗਰਮੀਆਂ ਇਸੇ ਤਰ੍ਹਾਂ ਜਾਰੀ ਰਹਿਣ।ਸਮਹੂਹ ਪੰਜਾਬੀਆਂ ਦੀ ਇਹੀ ਕਾਮਨਾ ਹੈ। 

Saturday, November 20, 2021

ਸਿਮਰਨ ਧੁੱਗਾ ਦਾ ਧਾਰਮਿਕ , ‘ਨਾਨਕ ਨਾਨਕ ਮੈ ਕਰਾਂ’ ਰਿਲੀਜ਼

Saturday 20th November 2021 at 12:26 pm

 ਪੰਜਾਬ ਦੀ ਪ੍ਰਸਿੱਧ ਗੀਤਕਾਰਾ ਤੇ ਗਾਇਕਾ ਹੈ ਸਿਮਰਨ ਧੁੱਗਾ  


ਚੰਡੀਗੜ੍ਹ
: 20 ਨਵੰਬਰ, 2021: (ਪ੍ਰੀਤਮ ਲੁਧਿਆਣਵੀ//ਸੁਰ ਸਕਰੀਨ)::

ਪੰਜਾਬ ਦੀ ਪ੍ਰਸਿੱਧ ਗੀਤਕਾਰਾ, ਗਾਇਕਾ ਅਤੇ ਅਦਾਰਾ ‘ਸ਼ਬਦ ਕਾਫ਼ਲਾ ਮੈਗਜੀਨ’ ਦੀ ਸਰਪ੍ਰਸਤ ਸਿਮਰਨ ਧੁੱਗਾ ਦਾ ਸ਼ਬਦ, ‘ਨਾਨਕ ਨਾਨਕ ਮੈਂ ਕਰਾਂ’ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ, ਲੁਧਿਆਣਾ ਵਿਖੇ ਸੰਗਤ ਦੇ ਕਰ ਕਮਲਾਂ ਦੁਆਰਾ ਬੜੀ ਸ਼ਰਧਾ ਭਾਵਨਾ ਨਾਲ ਰਿਲੀਜ਼ ਕੀਤਾ ਗਿਆ। ਇਹ ਸ਼ਬਦ ਸਿਮਰਨ ਧੁੱਗਾ ਨੇ ਆਪ ਹੀ ਲਿਖਿਆ ਤੇ ਆਪ ਹੀ ਗਾਇਆ ਹੈ। ਐਮ ਐਸ ਰਿਕਾਰਡ ਵੱਲੋਂ ਰਿਕਾਰਡ ਕੀਤੇ ਗਏ ਇਸ ਸ਼ਬਦ ਦਾ ਸੰਗੀਤ ਮਨਜੀਤ ਸਿੰਘ ਨੇ ਦਿੱਤਾ ਹੈ। ਇਸ ਮੌਕੇ ਸਿਮਰਨ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ, ‘‘ਮੈਂ ਆਪਣੇ ਰੱਬ ਵਰਗੇ ਸਰੋਤਿਆਂ / ਸਮੂਹ ਪਾਠਕਾਂ ਦਾ, ਵੀਰ ਕਬੱਡੀ ਪ੍ਰਮੋਟਰ ਸਾਭੀ ਕਾਲਕਟ ਤੇ ਉਹਨਾਂ ਦੀ ਧਰਮ ਪਤਨੀ ਲਵਪ੍ਰੀਤ ਕਾਲਕਟ ਦਾ ਅਤੇ ਦੁੱਖਭੰਜਨ ਰੰਧਾਵਾ ਜੀ ਦਾ ਖਾਸ ਤੌਰ ਤੇ ਧੰਨਵਾਦ ਕਰਦੀ ਹਾਂ।’’

ਵਿਸ਼ੇਸ਼ ਜ਼ਿਕਰ ਯੋਗ ਹੈ ਕਿ ਸਾਹਿਤ ਤੇ ਸੱਭਿਆਚਾਰ ਵਿਚ ਮੰਜ਼ਲ ਵੱਲ ਮਜ਼ਬੂਤ ਕਦਮੀਂ ਵਧ ਰਹੀ, ਪੰਜਾਬੀ ਮਾਂ-ਬੋਲੀ ਦੀ ਜਾਣੀ-ਪਹਿਚਾਣੀ ਗੀਤਕਾਰਾ, ਗੀਤਕਾਰੀ ਖੇਤਰ ਵਿਚ, ‘ਗ੍ਰੀਨ ਪੱਗ ਵਾਲਾ ਗੱਭਰੂ’ (ਗਾਇਕਾ ਮਿਸ ਸਾਜ਼ੀ), ‘ਕਾਲਜ ਦੀਆਂ ਯਾਦਾਂ’, (ਗਾਇਕ ਹਾਕਮ ਹਨੀ), ‘ਚਰਖਾ’ (ਪੰਜਾਬ ਦੀ ਪ੍ਰਸਿੱਧ ਗਾਇਕਾ ਗੁਲਸ਼ਨ ਕੋਮਲ) ਤੇ ‘ਸਰਦਾਰ ਜੀ’ (ਗਾਇਕਾ ਸਿਮਰਨ ਸਿੰਮੀ) ਆਦਿ ਅੱਧੀ ਦਰਜਨ ਆਪਣੇ ਸਾਫ-ਸੁਥਰੇ ਤੇ ਪਰਿਵਾਰਕ ਗੀਤ ਦੇ ਚੁੱਕੀ ਹੈ ਜੋ ਮਾਰਕੀਟ ਵਿਚ ਖ਼ੂਬ ਧੁੰਮਾਂ ਪਾ ਰਹੇ ਹਨ। ਇਸ ਦੇ ਨਾਲ ਹੀ ਧੁੱਗਾ ਦੀਆਂ ਲਿਖੀਆਂ ਰਚਨਾਵਾਂ ਅਨੇਕਾਂ ਅਖਬਾਰਾਂ-ਰਸਾਲਿਆਂ ਤੋਂ ਇਲਾਵਾਂ ਅਨੇਕਾਂ ਕਵੀ-ਦਰਬਾਰਾਂ ਦੀ ਸ਼ਾਨ ਵੀ ਬਣ ਚੁੱਕੀਆਂ ਹਨ। ਸਾਨੂੰ ਪੂਰਨ ਆਸਾਂ-ਉਮੀਦਾਂ ਹਨ ਕਿ ਧੁੱਗਾ ਜੀ ਦੇ ਪਹਿਲੇ ਗੀਤਾਂ ਦੀ ਤਰਾਂ ਗੀਤ-ਸੰਗੀਤ ਪ੍ਰੇਮੀ ਇਸ ਨਵੇਂ ਸ਼ਬਦ ਨੂੰ ਵੀ ਖੂਬ ਭਰਵਾਂ ਹੁੰਗਾਰਾ ਦੇਣਗੇ।   

Friday, November 19, 2021

ਬੀਬਾ ਗੁਲਸ਼ਨ ਕੋਮਲ ਦਾ ਨਵਾਂ ਗੀਤ, 'ਨਾਨਕੀ ਦਾ ਵੀਰ'

19th November 2021 at1:07 PM   

ਇੱਕ ਵਾਰ ਫੇਰ ਬੁਲੰਦ ਆਵਾਜ਼ ਆਈ ਅੰਤਰਰਾਸ਼ਟਰੀ ਗਾਇਕਾ ਦੀ 


ਚੰਡੀਗੜ੍ਹ
: 19 ਨਵੰਬਰ 2021: (ਪ੍ਰੀਤਮ ਲੁਧਿਆਣਵੀ//ਸੁਰ ਸਕਰੀਨ)::

ਸੁਰੀਲੀ ਤੇ ਬੁਲੰਦ ਆਵਾਜ਼ ਦੀ ਮਲਿਕਾ, ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਉਹ ਕਲਾਕਾਰਾ ਜੋ ਦਹਾਕਿਆਂ ਤੋਂ ਆਪਣੇ ਅਨੇਕਾਂ ਸੁਪਰ ਹਿੱਟ ਦੋਗਾਣਿਆਂ ਅਤੇ ਸੋਲੋ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦੀ ਆ ਰਹੀ ਹੈ ਹੁਣ ਇੱਕ ਵਾਰ ਫੇਰ ਸਾਹਮਣੇ ਆਈ ਹੈ। ਇਹ ਉਹੀ ਆਵਾਜ਼ ਹੈ ਜਿਸਨੇ ਵਿਸ਼ਵ ਭਰ ਵਿਚ ਵਸਦੇ ਪੰਜਾਬੀ ਗੀਤ-ਸੰਗੀਤ ਪ੍ਰੇਮੀਆਂ ਤੋਂ ਅੰਤਾਂ ਦਾ ਮੋਹ, ਪਿਆਰ, ਸਤਿਕਾਰ ਤੇ ਨਾਮਣਾ ਖੱਟਿਆ ਹੈ, ਅੱਜ ਉਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ, 'ਨਾਨਕੀ ਦਾ ਵੀਰ।' ਮੇਰੀ ਮੁਰਾਦ ਹੈ ਗਾਇਕੀ ਦਾ ਲੋਹਾ ਮੰਨਵਾ ਚੁੱਕੀ ਓਸ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਤੋਂ ਜਿਸਨੂੰ ਕਲਾ-ਪੁਜਾਰੀਆਂ ਵੱਲੋਂ ਬੀਬਾ ਗੁਲਸ਼ਨ ਕੋਮਲ ਜੀ ਦੇ ਨਾਂ ਨਾਲ ਪਿਆਰਿਆ, ਸਤਿਕਾਰਿਆ ਤੇ ਨਿਵਾਜਿਆ ਜਾਂਦਾ ਹੈ | ਓਰਿਕ ਮਿਊਜ਼ਕ ਤੇ ਨਿਰਮਲ ਨੂਰ ਦੀ ਪੇਸ਼ਕਸ਼ ਇਸ ਗੀਤ ਵਿਚ ਸੰਗੀਤ ਦਿੱਤਾ ਹੈ ਸੰਗੀਤਕਾਰ ਸੂਰਜ ਅਜਾਦ ਨੇ। ਇਸ ਗੀਤ ਦੇ ਗੀਤਕਾਰ ਹਨ  ਸਵ: ਮਹਿੰਦਰ ਸਿੰਘ ਕੋਮਲ ਜੀ। ਇਸ ਪ੍ਰੋਜੈਕਟ ਵਿਚ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ ਰਾਵਿੰਦਰ ਜਿੰਮੀ ਤੇ ਬਿੱਟੂ ਭੱਟੀ (ਮਾਹਿਲ ਗੈਲਾ) ਦਾ। ਉਮੀਦ ਹੈ ਕਿ, 'ਨਾਨਕੀ ਦਾ ਵੀਰ' ਗੀਤ-ਸੰਗੀਤ ਪ੍ਰੇਮੀਆਂ ਦੀਆਂ ਆਸਾਂ ਉਮੀਦਾਂ ਉਤੇ ਹਰ ਪੱਖ ਤੋਂ ਖਰਾ ਉਤਰਦਾ ਹੋਇਆ ਗੁਰੂ-ਘਰ ਦੀਆਂ ਖੁਸ਼ੀਆਂ ਵੰਡਦਾ ਸਭਨਾਂ ਨੂੰ ਨਿਹਾਲ ਕਰੇਗਾ।  

Tuesday, November 9, 2021

ਪ੍ਰਾਚੀਨ ਕਲਾ ਕੇਂਦਰ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ

Tuesday 9th November 2021 at 02:38 PM

 12-13 ਨੂੰ ਹੋਣਾ ਹੈ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ 

ਜੇਤੂਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਤ


ਮੋਹਾਲੀ
: 9 ਨਵੰਬਰ 2021: (ਗੁਰਜੀਤ ਬਿੱਲਾ//ਸੁਰ ਸਕਰੀਨ//ਪੰਜਾਬ ਸਕਰੀਨ):: 

ਸਿੱਖ ਧਰਮ ਵਿਚ ਗੁਰੂ ਕਾਲ ਤੋਂ ਚਲੀ ਆ ਰਹੀ ਸੰਗੀਤ ਦੀ ਪ੍ਰਾਚੀਨ ਪਰੰਪਰਾ ਅਤੇ ਮਰਿਯਾਦਾ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਵਿਰਾਸਤ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋੜਨ ਦੇ ਉਪਰਾਲੇ ਨਾਲ ਗੁਰਮਤਿ ਸੰਗੀਤ ਵਿਭਾਗ, ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਅਤੇ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਵਲੋਂ ਇਕ ਵਿਸ਼ੇਸ਼ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ 12-13 ਨਵੰਬਰ, 2021 ਨੂੰ ਸਵੇਰੇ 10.00 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਸੈਕਟਰ 34, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦੇ ਜੇਤੂਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਇਸ ਗੁਰਮਤਿ ਸਮਾਗਮ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿਚ ਕੀਤੀ ਕਾਨਫਰੰਸ ਦੌਰਾਨ ਇਹ ਜਾਣਕਾਰੀ ਪ੍ਰਾਚੀਨ ਕਲਾ ਕੇਂਦਰ ਦੇ ਪ੍ਰਧਾਨ ਮਲਕੀਤ ਸਿੰਘ ਜੰਡਿਆਲਾ ਅਤੇ ਡਾਇਰੈਕਟਰ ਪ੍ਰੋਜੈਕਟ ਪਲਾਨਿੰਗ ਤੇ ਡਿਵੈਲਪਮੈਂਟ ਆਸ਼ੂਤੋਸ਼ ਮਹਾਜਨ ਨੇ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਪ੍ਰਾਚੀਨ ਕਲਾ ਕੇਂਦਰ ਅਤੇ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਵਲੋਂ ਰਾਗਮਈ ਅਤੇ ਕੇਵਲ ਬੋਲ ਅਲਾਪ ਅਤੇ ਬੋਲ ਤਾਨਾਂ ’ਤੇ ਆਧਾਰਿਤ ਕੇਂਦਰ ਦੇ 7ਵੇਂ ਗੁਰਮਤਿ ਸੰਗੀਤ ਸਮਾਗਮ ਦੇ ਰੂਪ ਵਿਚ ਰਾਗਮਈ ਕੀਰਤਨ ਦਰਬਾਰ ਦਾ ਆਯੋਜਨ 12 ਨਵੰਬਰ 2021 ਨੂੰ ਸ਼ਾਮ 4 ਤੋਂ 8 ਵਜੇ ਤੱਕ ਗੁ: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਸੈਕਟਰ 34, ਚੰਡੀਗੜ੍ਹ ਵਿਖੇ ਗੁਰਮਤਿ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਜਦਕਿ 13 ਨਵੰਬਰ 2021 ਨੂੰ ਸਵੇਰੇ 10.00 ਵਜੇ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਜਾਵੇਗਾ। 

ਉਹਨਾਂ ਅੱਗੇ ਦਸਿਆ ਕਿ ਇਸ ਸਮਾਗਮ ਵਿਚ ਗੁਰਮਤਿ ਸੰਗੀਤ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾਵਾਂ ਦੇ 10 ਤੋਂ 24 ਸਾਲ ਉਮਰ ਵਰਗ ਵਿਦਿਆਰਥੀ ਸੀਨੀਅਰ ਅਤੇ ਜੂਨੀਅਰ ਵਰਗ ਵਿਚ ਭਾਗ ਲੈ ਸਕਣਗੇ। ਇਸ ਮੁਕਾਬਲੇ ਵਿਚ ਸੀਨੀਅਰ ਵਰਗ ਲਈ ਸਮੇਂ ਦੀ ਹੱਦ 7 ਤੋਂ 10 ਮਿੰਟ ਅਤੇ ਜੂਨੀਅਰ ਵਰਗ ਲਈ 6 ਤੋਂ 8 ਮਿੰਟ ਹੋਵੇਗੀ, ਜਦਕਿ ਜੇਤੂ ਅਤੇ ਸਰਵੋਤਮ ਪ੍ਰਤੀਯੋਗੀ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਇਸ ਦੌਰਾਨ ਪ੍ਰਧਾਨ ਮਲਕੀਤ ਸਿੰਘ ਜੰਡਿਆਲਾ ਨੇ ਦਸਿਆ ਕਿ ਕੇਂਦਰ ਵਲੋਂ ਹਰ ਉਮਰ ਵਰਗ ਲਈ ਮੁਫਤ ਸੰਗੀਤ ਵਿਦਿਆ ਦੇਣ ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਗਰੈਜੂਏਸ਼ਨ ਪੱਧਰ ਦਾ ਸੰਗੀਤ ਵਿਚ 4 ਸਾਲ ਦਾ ਡਿਪਲੋਮਾ ਅਤੇ ਐਮ.ਏ. ਪੱਧਰ ਲਈ 2 ਸਾਲ ਦਾ ਕੋਰਸ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ।

Saturday, October 30, 2021

ਪ੍ਰਾਚੀਨ ਕਲਾ ਕੇਂਦਰ ਵੱਲੋਂ ਗੀਤਾਂ ਦੀ ਸ਼ਾਮ ਦਾ ਆਯੋਜਨ

Saturday: 30th October 2021 at 7:31 pm

ਪ੍ਰਸਿੱਧ ਢੱਡ ਸਾਰੰਗੀ ਵਾਦਕ ਤੇ ਪੰਜਾਬੀ ਗਾਇਕ ਇੱਦੂ ਸ਼ਰੀਫ਼ ਨੂੰ ਯਾਦ ਕੀਤਾ


ਚੰਡੀਗੜ੍ਹ
//ਮੋਹਾਲੀ: 30 ਅਕਤੂਬਰ 2021: (ਗੁਰਜੀਤ ਬਿੱਲਾ//ਸੁਰ ਸਕਰੀਨ)::

ਪੁਰਾਣੇ ਸੰਗੀਤਕਾਰਾਂ ਨੂੰ ਯਾਦ ਕਰਨ ਦੀ ਗੱਲ ਹੋਵੇ ਜਾਂ ਫਿਰ ਨਵੇਂ ਸੰਗੀਤਕਾਰਾਂ ਨੂੰ ਜਨਮ ਦੇਣ ਅਤੇ ਉਹਨਾਂ ਦੀ ਕਲਾ ਨੂੰ ਨਿਖਾਰਨ ਦਾ ਮਾਮਲਾ ਹੋਵੇ ਤਾਂ ਪ੍ਰਾਚੀਨ ਕਲਾ ਕੇਂਦਰ ਛੇ ਦਹਾਕਿਆਂ ਤੋਂ ਵੀ ਲੰਮੇ ਸਮੇਂ ਤੋਂ ਨਿਰੰਤਰ ਸਰਗਰਮ ਹੈ। ਭਾਰਤੀ ਸੰਗੀਤ ਕਲਾ ਨੂੰ ਸਮਰਪਿਤ ਸੰਸਥਾ ਪ੍ਰਾਚੀਨ ਕਲਾ ਕੇਂਦਰ ਪਿਛਲੇ ਛੇ ਦਹਾਕਿਆਂ ਤੋਂ ਸੰਗੀਤਕ ਕਲਾਵਾਂ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਸਾਰ ਦਾ ਸ਼ਾਨਦਾਰ ਕੰਮ ਲਗਾਤਾਰ ਕਰ ਰਿਹਾ ਹੈ। ਆਪਣੇ ਅਣਥੱਕ ਯਤਨਾਂ ਨਾਲ ਕੇਂਦਰ,  ਕਲਾ ਦੇ ਖੇਤਰ ਵਿੱਚ ਨਵੇਂ ਆਯਾਮ ਸਿਰਜ ਰਿਹਾ ਹੈ। ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਨੇ ਹਰ ਸਾਲ ਕਲਾ ਦੇ ਖੇਤਰ ਵਿੱਚ ਬਹੁਤ ਸਾਰੇ ਕਲਾਕਾਰਾਂ ਨੂੰ ਇੱਕ ਪਲੇਟਫਾਰਮ ਦੇ ਕੇ ਸਥਾਪਿਤ ਅਤੇ ਪ੍ਰਸਿੱਧ ਕਲਾਕਾਰਾਂ ਨੂੰ ਸਰੋਤਿਆਂ ਦੇ ਸਾਹਮਣੇ ਪੇਸ਼ ਕਰਦਾ ਹੈ। ਇਸੇ ਕੜੀ ਵਿੱਚ ਕੇਂਦਰ ਇੱਕ ਨਵੀਂ ਪਹਿਲ ਕਰਨ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੀ ਲਗਭਗ ਅਲੋਪ ਹੋ ਚੁੱਕੀ ਕਲਾ ਨੂੰ ਪ੍ਰਫੁੱਲਤ ਕਰਨ ਅਤੇ ਪ੍ਰਸਾਰਿਤ ਕਰਨ ਲਈ ਇੱਕ ਵਿਸ਼ੇਸ਼ ਸੰਗੀਤ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਪੁਰਾਤਨ ਸਾਰੰਗੀ ਵਾਦਕ ਅਤੇ ਗਾਇਕ ਮਰਹੂਮ  ਸ਼੍ਰੀ ਈਦੂ ਸ਼ਰੀਫ ਜੀ ਦੀ ਯਾਦ ਵਿੱਚ ਗੀਤਾਂ ਦੀ ਸ਼ਾਮ ਉਨ੍ਹਾਂ ਦੇ ਬੇਟੇ ਵਿੱਕੀ ਖਾਨ ਅਤੇ ਪੋਤੇ ਅਤੇ ਪੋਤੀਆਂ ਦੁਆਰਾ ਪੇਸ਼ ਕੀਤਾ ਗਿਆ।

ਇਹ ਪ੍ਰੋਗਰਾਮ ਕੇਂਦਰ ਦੇ ਮੋਹਾਲੀ ਕੰਪਲੈਕਸ ਸਥਿਤ ਡਾ.ਸ਼ੋਭਾ ਕੌਸਰ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਪ੍ਰਸਿੱਧ ਗਾਇਕਾ ਸਤਵਿੰਦਰ ਬਿੱਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਹ ਪ੍ਰੋਰਰਾਮ ਕੇੰਦਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ  ਦੇ ਸਾਂਝੇ ਪ੍ਰਯਾਸ ਸਦਕਾ ਆਯੋਜਿਤ ਕੀਤਾ ਗਿਆ। ਇਸ ਮੌਕੇ ਕੇਂਦਰ ਦੀ ਰਜਿਸਟਰਾਰ ਡਾ: ਸ਼ੋਭਾ ਕੌਸਰ, ਸਕੱਤਰ ਸਜਲ ਕੌਸਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਚੌਧਰੀ ਵੀ ਹਾਜ਼ਰ ਸਨ। 

ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ “ਮੈਨੂੰ ਪੰਜੇ ਚੋਰਾਂ ਤੋਂ ਬੱਚਾ ਲਿਆ ਨਾਨਕਾ” ਨਾਲ ਹੋਈ। ਇਸ ਤੋਂ ਬਾਅਦ ਰਾਗ ਗੌਰੀ ਵਿੱਚ "ਕਾਲੀ ਹੀਰ ਦੀ" ਪੇਸ਼ ਕੀਤੀ ਗਈ, ਜਿਸ ਦੇ ਬੋਲ ਸਨ "ਡੋਲੀ ਮੁਹਰੇ ਕੁਦਰਤ ਦੇ ਤਰਨੇ ਹੀਰ ਨੂੰ"।   

ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਬਾਬਾ ਬੁੱਲ੍ਹੇ ਸ਼ਾਹ ਦੁਆਰਾ ਰਚਿਤ "ਉਠ ਗਏ ਨੇ ਗਵਾਂਡੋ ਯਾਰ ਰੱਬਾ ਹੁਣ ਕੀ ਕਰੀਏ" ਸ਼ਾਮਲ ਸੀ। ਇਸ ਤੋਂ ਬਾਅਦ ਬਾਹੂ ਦੁਆਰਾ ਰਚਿਤ ਗੀਤ "ਇਹ ਤਨ ਮੇਰਾ ਚਸ਼ਮਾ ਹੋਵੇ ਤਾ ਮੈਂ ਮੁਰਸ਼ਦ ਦੇਖ ਨਾ ਰੱਜਾਂ " ਸੁਣਾਇਆ ਗਿਆ। ਇਸ ਤੋਂ ਬਾਅਦ ਵਿੱਕੀ ਖਾਨ ਦੇ ਬੱਚਿਆਂ ਵੱਲੋਂ ''ਦੁੱਲੇ ਦੀ ਵਾਰ'' ਪੇਸ਼ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ''ਮੇਰੂ ਨੇ ਢਾਹਾਂ ਮੇਰੀਆਂ'' ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਇਸ ਤੋਂ ਬਾਅਦ ਵਿੱਕੀ ਖਾਨ ਨੇ ਪੰਜਾਬ ਦੇ ਮਸ਼ਹੂਰ ਲੋਕ ਗੀਤ ''ਸੱਸੀ'' ਦੇ ਬੋਲ ''ਨਾ ਜਾ ਬਚੀਏ ਨੀ ਬਾਲੂ ਰੇਤ ਥੱਲਾਂ ਵੀ ਤਪਦੇ ਨੇ'' ਪੇਸ਼ ਕਰਕੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਬਾਅਦ ਬਾਰਿਸ ਸ਼ਾਹ ਦੁਆਰਾ ਰਚਿਤ ''ਜਦੋ ਇਸ਼ਕ ਕੇ ਕੰਮ ਨੂ ਹਥ ਲਾਈਏ'' ਪੇਸ਼ ਕਰਕੇ ਖੂਬ ਤਾੜੀਆਂ ਬਟੋਰੀਆਂ । ਉਪਰੰਤ ਬੱਚਿਆਂ ਵੱਲੋਂ ਰਚਿਤ ਗੀਤ ‘ਤੇਰੇ ਵਸਤੇ ਓ ਸੱਜਣਾ’ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਰਾਗ ਪੀਲੂ ਵਿੱਚ "ਹੀਰ ਦੀ ਕਾਲੀ" ਅਤੇ ਮਿਰਜ਼ਾ ਸਾਹਿਬਾ ਦੁਆਰਾ " ਪਹਿਲਾਂ ਵਰਗਾ ਨਾ ਮੇਰੇ ਵਿਚ ਮੋਹ ਸੱਜਣਾ ", ਤੋਂ ਬਾਅਦ "ਤੇਰਾ ਇਸ਼ਕ ਨਚੌਂਦਾ ਗਲੀ ਗਲੀ" ਪੇਸ਼ ਕੀਤਾ ਗਿਆ  ਪ੍ਰੋਗਰਾਮ ਦੇ ਅੰਤ ਵਿਚ "ਚਲ ਜ਼ਿੰਦੀਆ" ਪੇਸ਼ ਕੀਤਾ ਗਿਆ  । ਪ੍ਰੋਗਰਾਮ ਦੇ ਅੰਤ ਵਿੱਚ ਕਲਾਕਾਰਾਂ ਨੂੰ ਫੁੱਲਾਂ ਦੇ ਕੇ ਸਨਮਾਨਿਤ ਕੀਤਾ ਗਿਆ।

ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਪ੍ਰੋਗਰਾਮ ਸੀ ਜਿਸਨੇ ਸਿਆਸਤ ਦੇ ਰੌਲੇਗੌਲੇ ਵਿੱਚ ਰੂਹਾਨੀ ਗੀਤ ਸੰਗੀਤ ਵਾਲਿਆਂ ਸੁਰਾਂ ਛੇੜ ਕੇ ਇੱਕ ਅਲੌਕਿਕ ਜਿਹਾ ਮਾਹੌਲ ਸਿਰਜਿਆ ਜਿਹੜਾ ਰੂਹਾਂ ਵਾਲੇ ਮੇਲ ਦਾ ਸੀ।