Wednesday, December 1, 2021

ਜੋਗੀ ਅੱਲ੍ਹਾ ਯਾਰ ਖਾਂ ਦੀ ਰਚਨਾ ਸ਼ਹੀਦਾਨਿ ਵਫ਼ਾ ਦਾ ਸੰਗੀਤਕ ਰੂਪ

1st December 2021 at 09:07 AM 

ਸੰਗੀਤਕ ਆਡੀਓ ਵੀਡਿਓ ਤੇ ਪੁਸਤਕ 3 ਦਸੰਬਰ ਨੂੰ ਹੋਵੇਗੀ ਸੰਗਤ ਅਰਪਨ 

ਲੁਧਿਆਣਾ: 1 ਦਸੰਬਰ 2021: (ਸੁਰ ਸੰਗੀਤ ਬਿਊਰੋ):.

ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਮੁਸਲਮਾਨ ਸ਼ਾਇਰ ਜੋਗੀ ਅੱਲ੍ਹਾ ਯਾਰ ਖਾਂ  ਦੀ ਰਚਨਾ ਸ਼ਹੀਦਾਨੇ ਵਫ਼ਾ  ਦੇ  ਕਲਾਮ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ  ਸਾਬਕਾ ਡੀਨ ਤੇ ਗੁਰਮਤਿ ਸੰਗੀਤ ਦੇ ਗੂੜ੍ਹ ਗਿਆਨੀ ਡਾਃ ਗੁਰਨਾਮ ਸਿੰਘ ਨੇ ਗਾ ਕੇ ਬਹੁਤ ਮਹੱਤਵ ਪੂਰਨ ਕਾਰਜ ਕੀਤਾ ਹੈ। ਇਸ ਨੂੰ ਸੰਗਤ ਅਰਪਨ 3 ਦਸੰਬਰ ਨੂੰ ਮਾਤਾ ਗੁਜਰੀ ਕਾਲਿਜ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰਨਗੇ। 

ਉਨੀਵੀਂ ਤੇ ਵੀਹਵੀਂ ਸਦੀ ਵਿੱਚ ਮਕਬੂਲ ਹੋਏ ਲੋਕ ਸ਼ਾਇਰ ਜੋਗੀ ਅੱਲਾ ਯਾਰ ਖਾਂ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪ੍ਰਸੰਗ ਨੂੰ ਆਪਣੀ ਉਰਦੂ ਸ਼ਾਇਰੀ ਦੀ ਪੁਸਤਕ ‘ਗੰਜਿ ਸ਼ਹੀਦਾਂ ਵਿੱਚ ਅੰਕਿਤ ਕੀਤਾ ਅਤੇ ‘ਸ਼ਹੀਦਾਨੇ ਵਫਾ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੋਗਮਈ ਬਿਆਨ ਕੀਤਾ ਹੈ। ਉਸ ਨੇ ਚਮਕੌਰ ਦੀ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕਰਬਲਾ ਦੀ ਜੰਗ ਨਾਲ ਤੁਲਨਾਇਆ। 

ਜੋਗੀ ਅੱਲ੍ਹਾ ਯਾਰ ਖਾਂ ਆਪਣੇ ਜੀਵਨ ਕਾਲ ਵਿੱਚ ਆਪਣੀ ਇਸ ਸ਼ਾਇਰੀ ਨੂੰ ਸੁਰੀਲੇ ਤੇ ਸੋਜ਼ ਭਰੇ ਅੰਦਾਜ਼ ਵਿੱਚ ਗਾਉਂਦਾ, ਸੁਣਾਉਂਦਾ ਤੇ ਸਾਲ ਦਰ ਸਾਲ ਲਿਖਦਾ ਰਿਹਾ। ਪੰਥਕ ਸਫਾਂ ਵਿੱਚ ਪਰਚੱਲਿਤ ਤੇ ਪਰਵਾਣਿਤ ਰਚਨਾ ਹੋਣ ਕਰਕੇ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (1988) ਅਤੇ ਭਾਸ਼ਾ ਵਿਭਾਗ ਪੰਜਾਬ (1998) ਨੇ ਜੋਗੀ ਅੱਲਾ ਯਾਰ ਖਾਂ ਦੀਆਂ ਇਨ੍ਹਾਂ ਦੋਵੇਂ ਦੁਰਲਭ ਕਾਵਿ ਪੁਸਤਕਾਂ ਨੂੰ ਵਿਸ਼ੇਸ਼ ਰੂਪ ਵਿੱਚ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ਕੀਤਾ ਹੈ।

ਜੋਗੀ ਅੱਲਾ ਯਾਰ ਖਾਂ ਦੀ ਪੁਸਤਕ ‘ਸ਼ਹੀਦਾਨਿ ਵਫ਼ਾ' ਇੱਕ ਵਡਮੁੱਲਾ ਇਤਿਹਾਸਕ ਸਰੋਤ ਹੋਣ ਦੇ ਨਾਲ-ਨਾਲ ਸ਼ਾਇਰ ਨੂੰ ਕੱਟੜਪੰਥੀ ਮੁਸਲਮਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।

ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਪ੍ਰਸਿੱਧ ਕੀਰਤਨੀਏ ਤੇ ਸੰਗੀਤ ਵਿਦਵਾਨ ਡਾ. ਗੁਰਨਾਮ ਸਿੰਘ ਨੇ ਪਿਛਲੇ ਕੁਝ ਵਰੇ ਲਗਾ ਕੇ ਇਸ ਕਾਵਿਮਈ ਰਚਨਾ ਨੂੰ ਸੰਗੀਤਬੱਧ ਕੀਤਾ ਅਤੇ ਵਡੇਰੀ ਲੰਮੇਰੀ ਰਚਨਾ ਨੂੰ ਬਹੁਤ ਹੀ ਸੋਜ਼ ਭਰਪੂਰ ਅੰਦਾਜ਼ ਵਿੱਚ ਗਾਇਆ ਹੈ।

‘ਸ਼ਹੀਦਾਨਿ ਵਫ਼ਾ' ਦੇ ਇਸ ਗਾਇਨ ਪ੍ਰੋਜੈਕਟ ਦੇ ਵਿਸ਼ੇਸ਼ ਮਹੱਤਵ ਨੂੰ ਵੇਖਦਿਆਂ ਐਜੂਕੇਸ਼ਨ ਐਂਡ ਅਵੇਅਰਨੈੱਸ ਕੌਂਸਲ ਯੂ. ਐੱਸ. ਏ. ਵਲੋਂ ਅਸੀਂ ਸਾਰਿਆਂ ਨੇ ਇਸ ਨੂੰ ਸਮੁੱਚੇ ਵਿਸ਼ਵ ਵਿੱਚ ਪ੍ਰਚਾਰਨ ਲਈ ਯਤਨ ਅਰੰਭੇ ਹਨ। ਹੁਣ ਅਸੀਂ ਇਸ ਸ਼ਾਹਕਾਰ ਰਚਨਾ ਨੂੰ ਗਾਇਨ ਉੱਤੇ ਅਧਾਰਿਤ ਆਡੀਓ, ਵੀਡੀਓ ਦੇ ਨਾਲ ਨਾਲ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾ ਵਿੱਚ ਚਿੱਤਰਾਂ ਸਹਿਤ ਪੁਸਤਕ ਰੂਪ ਵਿੱਚ ਵੀ ਪ੍ਰਕਾਸ਼ਿਤ ਕਰਨ ਦਾ ਮਾਣ ਲੈ ਰਹੇ ਹਾਂ। ਇਸ ਪ੍ਰੋਜੈਕਟ  ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਬਹੁਤ ਸਾਰੇ ਮਿੱਤਰ ਪਿਆਰੇ ਸਾਡਾ ਸਾਥ ਦੇ ਰਹੇ ਹਨ। ਇਸ ਕਾਵਿ ਰਚਨਾ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ, ਸੁਧਾਈ, ਮਿਲਾਨ, ਆਦਿ ਕਾਰਜਾਂ ਵਿੱਚ ਡਾ. ਅੰਮ੍ਰਿਤਪਾਲ ਕੌਰ, ਪ੍ਰੋ. ਮੁਹੰਮਦ ਜਮੀਲ, ਸ੍ਰੀ ਪਰਵੇਸ਼ ਸ਼ਰਮਾ, ਡਾ. ਬਚਿੱਤਰ ਸਿੰਘ, ਡਾ. ਕੋਮਲ ਚੁੱਘ, ਡਾ. ਮੁਹੰਮਦ ਇਰਫ਼ਾਨ ਮਲਿਕ, ਅੰਕੁਰ ਰਾਣਾ ਅਤੇ ਡਾ. ਗੁਰਦੇਵ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਪੁਸਤਕ ਦੇ ਚਿੱਤਰ ਪ੍ਰਸਿੱਧ ਚਿੱਤਰਕਾਰ ਸ. ਹਰਪ੍ਰੀਤ ਸਿੰਘ ਨਾਜ਼ ਨੇ ਤਿਆਰ ਕੀਤੇ ਹਨ। ਵੀਡੀਓ ਦੇ ਕਾਰਜਾਂ ਵਿੱਚ ਇੰਜ. ਮਨਪ੍ਰੀਤ ਸਿੰਘ ਬੂਝੈਲ, ਡਾ. ਗੁਰਦੇਵ ਸਿੰਘ ਤੇ ਸ੍ਰੀ ਚੰਦਨ ਦ੍ਰਵਿੜ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਕੂਮੈਂਟਰੀ ਲਈ ਸ੍ਰੀ ਤੇਜਿੰਦਰ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਆਵਾਜ਼ ਦਿੱਤੀ ਹੈ। ਇਸ ਸੰਗੀਤ ਪ੍ਰੋਜੈਕਟ ਦਾ ਸੰਗੀਤ ਪ੍ਰਬੰਧ  ਪ੍ਰਸਿਧ ਸੰਗੀਤ ਨਿਰਦੇਸ਼ਕ ਹਰਜੀਤ ਗੁੱਡੂ ਦੁਆਰਾ ਕੀਤਾ ਗਿਆ ਹੈ।

ਜਸਬੀਰ ਸਿੰਘ ਜਵੱਦੀ ਤੇ ਜਗਜੀਤ ਸਿੰਘ ਪੰਜੋਲੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਜੋਗੀ ਅੱਲਾ ਯਾਰ ਖਾਂ ਮੈਮੋਰੀਅਲ ਟ੍ਰਸਟ ਅਤੇ ਐਜੂਕੈਸ਼ਨ ਅਵੇਰਨੈਂਸ ਕੌਂਸਲ ਯੂ. ਐੱਸ. ਏ. ਵਲੋਂ ਸਾਂਝੇ ਰੂਪ ਵਿੱਚ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਮਿਤੀ 3 ਦਸੰਬਰ ਨੂੰ ‘ਸ਼ਹੀਦਾਨਿ ਵਫ਼ਾ ਦੇ ਇਸ ਸੰਗੀਤਮਈ ਆਡੀਓ ਵੀਡਿਓ ਤੇ ਪੁਸਤਕ ਪ੍ਰਕਾਸ਼ਨਾ ਦਾ ਸੰਗਤ ਅਰਪਣ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਰਨਗੇ। 

ਇਸ ਸਮਾਗਮ ਵਿੱਚ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਪ੍ਰੋਃ ਗੁਰਭਜਨ ਸਿੰਘ ਗਿੱਲ, ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ, ਪ੍ਰਿੰ. ਡਾ. ਕਸ਼ਮੀਰ ਸਿੰਘ, ਮਾਤਾ ਗੁਜਰੀ ਕਾਲਜ, ਸ੍ਰੀ ਫਤਿਹਗੜ ਸਾਹਿਬ, ਹੈੱਡ ਗ੍ਰੰਥੀ, ਗਿਆਨੀ ਹਰਪਾਲ ਸਿੰਘ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਸਕੱਤਰ ਸ. ਸਿਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ, ਸ. ਕਰਨੈਲ ਸਿੰਘ ਪੰਜੋਲੀ, ਸਕੱਤਰ ਐਸ. ਜੀ. ਪੀ. ਸ੍ਰੀ ਅੰਮ੍ਰਿਤਸਰ ਆਦਿ ਵਿਦਵਾਨ ਪਹੁੰਚ ਰਹੇ ਹਨ। ਇਸ ਕਾਰਜ ਦੀ ਸੰਪੂਰਨਤਾ ਵਿੱਚ ਗੁਰਜੀਤ ਸਿੰਘ ਸੰਮੇਵਾਲੀ ਅਤੇ ਸ. ਹਰਭਜਨ ਸਿੰਘ ਅਮਰੀਕਾ (ਗਲੋਬਲ ਪੰਜਾਬ ਟੀ. ਵੀ.) ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

1 comment:

  1. Casino City - New Orleans (NY) - Mapyro
    Get directions, reviews and information for 목포 출장샵 Casino City in New 목포 출장마사지 Orleans. You can 군산 출장마사지 use the 양산 출장샵 map to check whether a casino is a hotel, restaurant, 양산 출장마사지 room service or business

    ReplyDelete