Tuesday, November 9, 2021

ਪ੍ਰਾਚੀਨ ਕਲਾ ਕੇਂਦਰ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ

Tuesday 9th November 2021 at 02:38 PM

 12-13 ਨੂੰ ਹੋਣਾ ਹੈ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ 

ਜੇਤੂਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਤ


ਮੋਹਾਲੀ
: 9 ਨਵੰਬਰ 2021: (ਗੁਰਜੀਤ ਬਿੱਲਾ//ਸੁਰ ਸਕਰੀਨ//ਪੰਜਾਬ ਸਕਰੀਨ):: 

ਸਿੱਖ ਧਰਮ ਵਿਚ ਗੁਰੂ ਕਾਲ ਤੋਂ ਚਲੀ ਆ ਰਹੀ ਸੰਗੀਤ ਦੀ ਪ੍ਰਾਚੀਨ ਪਰੰਪਰਾ ਅਤੇ ਮਰਿਯਾਦਾ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਵਿਰਾਸਤ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋੜਨ ਦੇ ਉਪਰਾਲੇ ਨਾਲ ਗੁਰਮਤਿ ਸੰਗੀਤ ਵਿਭਾਗ, ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਅਤੇ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਵਲੋਂ ਇਕ ਵਿਸ਼ੇਸ਼ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ 12-13 ਨਵੰਬਰ, 2021 ਨੂੰ ਸਵੇਰੇ 10.00 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਸੈਕਟਰ 34, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦੇ ਜੇਤੂਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਇਸ ਗੁਰਮਤਿ ਸਮਾਗਮ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿਚ ਕੀਤੀ ਕਾਨਫਰੰਸ ਦੌਰਾਨ ਇਹ ਜਾਣਕਾਰੀ ਪ੍ਰਾਚੀਨ ਕਲਾ ਕੇਂਦਰ ਦੇ ਪ੍ਰਧਾਨ ਮਲਕੀਤ ਸਿੰਘ ਜੰਡਿਆਲਾ ਅਤੇ ਡਾਇਰੈਕਟਰ ਪ੍ਰੋਜੈਕਟ ਪਲਾਨਿੰਗ ਤੇ ਡਿਵੈਲਪਮੈਂਟ ਆਸ਼ੂਤੋਸ਼ ਮਹਾਜਨ ਨੇ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਪ੍ਰਾਚੀਨ ਕਲਾ ਕੇਂਦਰ ਅਤੇ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਵਲੋਂ ਰਾਗਮਈ ਅਤੇ ਕੇਵਲ ਬੋਲ ਅਲਾਪ ਅਤੇ ਬੋਲ ਤਾਨਾਂ ’ਤੇ ਆਧਾਰਿਤ ਕੇਂਦਰ ਦੇ 7ਵੇਂ ਗੁਰਮਤਿ ਸੰਗੀਤ ਸਮਾਗਮ ਦੇ ਰੂਪ ਵਿਚ ਰਾਗਮਈ ਕੀਰਤਨ ਦਰਬਾਰ ਦਾ ਆਯੋਜਨ 12 ਨਵੰਬਰ 2021 ਨੂੰ ਸ਼ਾਮ 4 ਤੋਂ 8 ਵਜੇ ਤੱਕ ਗੁ: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਸੈਕਟਰ 34, ਚੰਡੀਗੜ੍ਹ ਵਿਖੇ ਗੁਰਮਤਿ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਜਦਕਿ 13 ਨਵੰਬਰ 2021 ਨੂੰ ਸਵੇਰੇ 10.00 ਵਜੇ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਜਾਵੇਗਾ। 

ਉਹਨਾਂ ਅੱਗੇ ਦਸਿਆ ਕਿ ਇਸ ਸਮਾਗਮ ਵਿਚ ਗੁਰਮਤਿ ਸੰਗੀਤ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾਵਾਂ ਦੇ 10 ਤੋਂ 24 ਸਾਲ ਉਮਰ ਵਰਗ ਵਿਦਿਆਰਥੀ ਸੀਨੀਅਰ ਅਤੇ ਜੂਨੀਅਰ ਵਰਗ ਵਿਚ ਭਾਗ ਲੈ ਸਕਣਗੇ। ਇਸ ਮੁਕਾਬਲੇ ਵਿਚ ਸੀਨੀਅਰ ਵਰਗ ਲਈ ਸਮੇਂ ਦੀ ਹੱਦ 7 ਤੋਂ 10 ਮਿੰਟ ਅਤੇ ਜੂਨੀਅਰ ਵਰਗ ਲਈ 6 ਤੋਂ 8 ਮਿੰਟ ਹੋਵੇਗੀ, ਜਦਕਿ ਜੇਤੂ ਅਤੇ ਸਰਵੋਤਮ ਪ੍ਰਤੀਯੋਗੀ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਇਸ ਦੌਰਾਨ ਪ੍ਰਧਾਨ ਮਲਕੀਤ ਸਿੰਘ ਜੰਡਿਆਲਾ ਨੇ ਦਸਿਆ ਕਿ ਕੇਂਦਰ ਵਲੋਂ ਹਰ ਉਮਰ ਵਰਗ ਲਈ ਮੁਫਤ ਸੰਗੀਤ ਵਿਦਿਆ ਦੇਣ ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਗਰੈਜੂਏਸ਼ਨ ਪੱਧਰ ਦਾ ਸੰਗੀਤ ਵਿਚ 4 ਸਾਲ ਦਾ ਡਿਪਲੋਮਾ ਅਤੇ ਐਮ.ਏ. ਪੱਧਰ ਲਈ 2 ਸਾਲ ਦਾ ਕੋਰਸ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ।

No comments:

Post a Comment